
ਮੈਨੂੰ ਭੰਡਣ ਦੀ ਥਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰੇ ਕਾਂਗਰਸ : ਕੈਪਟਨ
ਚੰਡੀਗੜ੍ਹ , 11 ਮਾਰਚ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿਚ ਅਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸੱਤਾ ਵਿਰੋਧੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਮੈਨੂੰ ਭੰਡਣ ਦੀ ਥਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਕਦੇ ਨਹੀਂ ਸਿੱਖੇਗੀ | ਉਨ੍ਹਾਂ ਸਵਾਲ ਕੀਤਾ ਕਿ ਉਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਪਾਰਟੀ ਦੀ ਹਾਰ ਲਈ ਕੌਣ ਜ਼ਿੰਮੇਵਾਰ ਹੈ | ਸਾਬਕਾ ਮੁੱਖ ਮੰਤਰੀ ਦੀ ਇਹ ਟਿੱਪਣੀ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦੇ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿਚ ਭਾਵੇਂ ਪਾਰਟੀ ਨੇ ਇਕ ਨਿਮਰ, ਸਾਫ਼-ਸੁਥਰੀ ਅਤੇ ਜ਼ਮੀਨੀ ਪੱਧਰ ਦੀ ਲੀਡਰਸ਼ਿਪ ਲਿਆਂਦੀ ਪਰ ਇਹ ਅਮਰਿੰਦਰ ਸਿੰਘ ਸਰਕਾਰ ਦੀ 4.5 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਦਾ ਅਸਰ ਖ਼ਤਮ ਨਹੀਂ ਕਰ ਸਕੀ ਸੀ ਤੇ ਲੋਕਾਂ ਨੇ ਬਦਲਾਅ ਲਈ ਵੋਟ ਦਿਤੀ |