
ਯੂਥ ਪਾਰਲੀਮੈਂਟ ਫ਼ੈਸਟੀਵਲ 'ਚ ਪੰਜਾਬ ਦੀ ਅਮਨਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ
ਚੰਡੀਗੜ੍ਹ, 11 ਮਾਰਚ : ਅੱਜ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਖੇ ਹੋਏ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ ਦੇ ਤੀਜੇ ਐਡੀਸ਼ਨ ਦੇ ਸਮਾਪਤੀ ਸਮਾਰੋਹ ਵਿਚ ਬਠਿੰਡਾ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੀ ਪੰਜਾਬ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ |
ਸਮਾਗਮ ਤੋਂ ਬਾਅਦ ਅਮਨਪ੍ਰੀਤ ਕੌਰ ਨੇ ਕਿਹਾ ਕਿ ਉਸਨੇ ਦੇਸ਼ ਭਗਤੀ ਅਤੇ ਰਾਸ਼ਟਰੀ ਵਿਕਾਸ ਵਿਸ਼ੇ 'ਤੇ ਗੱਲ ਕੀਤੀ | ਉਸ ਨੇ ਯੁਵਾ ਸੰਸਦ ਦਾ ਆਯੋਜਨ ਕਰਨ ਅਤੇ ਉਨ੍ਹਾਂ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦਾ ਵੀ ਧਨਵਾਦ ਕੀਤਾ | ਭੋਪਾਲ ਦੀ ਰਾਗੇਸ਼ਵਰੀ ਅੰਜਨਾ ਨੇ ਪਹਿਲਾ ਅਤੇ ਰਾਜਸਥਾਨ ਦੇ ਡੂੰਗਰਪੁਰ ਦੇ ਸਿਧਾਰਥ ਜੋਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਉਸ ਨੂੰ ਹੋਰ ਦੋ ਰਾਸ਼ਟਰੀ ਜੇਤੂਆਂ ਦੇ ਨਾਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਿਆ |
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ ਦਾ ਤੀਜਾ ਐਡੀਸ਼ਨ 14 ਫ਼ਰਵਰੀ 2022 ਨੂੰ ਜ਼ਿਲ੍ਹਾ ਪੱਧਰ 'ਤੇ ਵਰਚੁਅਲ ਜ਼ਰੀਏ ਲਾਂਚ ਕੀਤਾ ਗਿਆ ਸੀ | 23 ਤੋਂ 27 ਫ਼ਰਵਰੀ, 2022 ਤਕ ਦੇਸ਼ ਭਰ ਦੇ 2.44 ਲੱਖ ਤੋਂ ਵਧ ਨੌਜਵਾਨਾਂ ਨੇ ਜ਼ਿਲ੍ਹਾ ਯੂਥ ਪਾਰਲੀਮੈਂਟਾਂ ਤੋਂ ਬਾਅਦ ਰਾਜ ਯੂਥ ਪਾਰਲੀਮੈਂਟਾਂ ਵਿਚ ਵਰਚੁਅਲ ਮੋਡ ਜ਼ਰੀਏ ਹਿੱਸਾ ਲਿਆ | ਰਾਜਾਂ/ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ 87 ਜੇਤੂਆਂ (62 ਮਹਿਲਾ ਅਤੇ 25 ਪੁਰਸ਼) ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਅਤੇ ਹੋਰ ਪਤਵੰਤਿਆਂ ਦੇ ਸਾਹਮਣੇ ਸੰਸਦ ਦੇ ਸੈਂਟਰਲ ਹਾਲ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਦਾ ਹੈ | ਸਟੇਟ ਯੂਥ ਪਾਰਲੀਮੈਂਟ (ਐੱਸਵਾਈਪੀ) ਦੇ 29 ਜੇਤੂਆਂ ਨੂੰ ਰਾਸ਼ਟਰੀ ਜਿਊਰੀ ਦੇ ਸਾਹਮਣੇ ਅਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ |
ਚੋਟੀ ਦੇ ਤਿੰਨ ਰਾਸ਼ਟਰੀ ਜੇਤੂਆਂ ਨੂੰ ਅੱਜ ਸਮਾਪਤੀ ਸਮਾਰੋਹ ਦੌਰਾਨ ਲੋਕ ਸਭਾ ਦੇ ਸਪੀਕਰ ਅੱਗੇ ਬੋਲਣ ਦਾ ਮੌਕਾ ਮਿਲਿਆ |