ਖਾਲੀ ਪਲਾਟ 'ਚ ਕਰੇਟ ਵਿਚੋਂ ਮਿਲੇ 6 ਗੁਟਕਾ ਸਾਹਿਬਾਨ
ਕੋਟਕਪੂਰਾ : ਕੋਟਕਪੂਰਾ ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾਸਾਹਿਬ ਕੋਟਕਪੂਰਾ ਦੇ ਗ੍ਰੰਥੀ ਚੰਦਰਹੰਸ ਸਿੰਘ ਨੂੰ ਇਸ ਬੇਅਦਬੀ ਸਬੰਧੀ ਇਤਲਾਹ ਦਿੱਤੀ। ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਪ੍ਰਚਾਰਕਾਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰਚਾਰਕਾਂ ਦੇ ਦੱਸਣ ਤੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭੋਲਾ ਸਿੰਘ ਇੰਚਾਰਜ ਸਬ-ਆਫ਼ਿਸ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ ਤੁਰੰਤ ਘਟਨਾ ਸਥਾਨ ਤੇ ਪਹੁੰਚੇ । ਮੌਕੇ ’ਤੇ ਜਾ ਕੇ ਦੇਖਿਆ ਕਿ ਦਾਣਾ ਮੰਡੀ ਕੋਟਕਪੂਰਾ, ਜੋਤ ਸ਼ਹੀਦ ਰੋਡ ਵਿਖੇ ਘਰਾਂ ਦੇ ਕੋਲ ਇੱਕ ਖਾਲੀ ਪਏ ਪਲਾਟ ਵਿੱਚ ਸਬਜੀ ਵਾਲੇ ਕਰੇਟ ਅੰਦਰ ਗੁਰਬਾਣੀ ਦੇ ਗੁਟਕਾ ਸਾਹਿਬ ਪਏ ਸਨ।
ਕਰੇਟ ਵਿੱਚ ਮਿੱਟੀ ਪਈ ਹੋਈ ਸੀ ਅਤੇ ਗੁਟਕਾ ਸਾਹਿਬ ਦੇ ਕੁਝ ਅੰਗ ਆਸੇ ਪਾਸੇ ਖਿਲਰੇ ਹੋਏ ਹਨ ਅਤੇ ਇਸ ਕਰੇਟ ਵਿਚੋਂ ਕੁੱਲ 06 ਗੁਟਕਾ ਸਾਹਿਬ ਪ੍ਰਾਪਤ ਹੋਏ। ਕੁਝ ਗੁਟਕਾ ਸਾਹਿਬਾਨਾਂ ਦੀ ਜਿਲਦ ਅੱਗ ਨਾਲ ਸੜੀ ਹੋਈ ਸੀ। ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਦਿਨ-ਬ-ਦਿਨ ਹੋ ਰਹੀਆਂ ਬੇਅਦਬੀਆਂ ਨੂੰ ਏਜੰਸੀਆਂ ਦਾ ਕਾਰਾ ਦੱਸਦਿਆ ਕਿਹਾ ਕਿ ਇਹ ਮੌਜੂਦਾ ਸਰਕਾਰ ਦੀ ਨਕਾਮੀ ਹੈ। ਉਹਨਾਂ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ । ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸਰਕਾਰਾਂ ਮਾਹੌਲ ਖਰਾਬ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਉਹਨਾਂ ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੂੰ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ।
ਜਥੇਦਾਰ ਸ਼ੇਰ ਸਿੰਘ ਜੀ ਮੰਡਾਵਾਲਾ ਨੇ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦੇ ਧਿਆਨ ਵਿੱਚ ਲਿਆਂਦਾ । ਉਹਨਾਂ ਨੇ ਕਿਹਾ ਕਿ ਆਉਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਕਿ ਜੋ ਸੰਗਤਾਂ ਬਿਰਧ ਗੁਟਕਾ ਸਾਹਿਬ ਦੀ ਸੰਭਾਲ ਨਹੀਂ ਕਰ ਸਕਦੀਆਂ ਉਹਨਾਂ ਨੂੰ ਪ੍ਰੇਰਿਤ ਕਰਕੇ ਇਤਿਹਾਸਕ ਗੁਰਦੁਆਰਾ ਸਹਿਬਾਨਾਂ ਵਿਖੇ ਬਿਰਧ ਗੁਟਕਾ ਸਾਹਿਬ ਬਿਰਾਜਮਾਨ ਕਰਵਾਏ ਜਾਣ। ਸਿੰਘ ਸਾਹਿਬ ਜੀ ਵੱਲੋਂ ਗੁਟਕਾ ਸਾਹਿਬ ਸਤਿਕਾਰ ਸਹਿਤ ਗੁਰਦੁਆਰਾ ਚੁੱਲਾ ਸਾਹਿਬ ਬਾਬਾ ਜੱਸਾ ਸਿੰਘ ਕੋਟਕਪੂਰਾ ਵਿਖੇ ਸੁਭਾਏਮਾਨ ਕਰਵਾ ਦਿੱਤੇ ਗਏ ਹਨ । ਇਸ ਮੌਕੇ ਉਪਰੋਕਤ ਸਖਸੀਅਤਾਂ ਤੋਂ ਇਲਾਵਾ ਗੁਰਦੁਆਰਾ ਚੁੱਲ੍ਹਾ ਸਾਹਿਬ ਬਾਬਾ ਜੱਸਾ ਸਿੰਘ ਕੋਟਕਪੂਰਾ ਦੇ ਮੈਨੇਜਰ ਜਗਜੀਤ ਸਿੰਘ, ਗ੍ਰੰਥੀ ਚੰਦਰਹੰਸ ਸਿੰਘ, ਗੁਰਦੁਆਰਾ ਗੋਦਾਵਰੀਸਰ ਸਾਹਿਬ ਪਾ: ਦਸਵੀਂ, ਢਿੱਲਵਾਂ ਕਲਾਂ ਦਾ ਸਮੂਹ ਸਟਾਫ, ਹਲਕਾ ਪ੍ਰਚਾਰਕ ਭਾਈ ਰਵਿੰਦਰ ਸਿੰਘ ਚੰਦੜ, ਭਾਈ ਖੁਸ਼ਕਰਨ ਸਿੰਘ ਭਾਣਾ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜਰ ਸਨ। ਮੌਕੇ ਤੇ ਪਹੁੰਚ ਕੇ ਡੀ ਐਸ ਪੀ ਸੰਜੀਵ ਕੁਮਾਰ ਅਤੇ ਐਸ ਐਸ ਓ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ 6 ਗੁੱਟਕਾ ਸਾਹਿਬ ਜੀ ਪ੍ਰਾਪਤ ਕੀਤੇ ਅਤੇ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
