
ਕੋਰੋਨਾ ਵਾਇਰਸ ਕਾਰਨ ਸਮੁੱਚੇ ਦੇਸ਼ ਵਿਚ ਕੰਮਕਾਰ ਲਗਭਗ ਪੂਰੀ ਤਰ੍ਹਾਂ ਠੱਪ ਪਿਆ ਹੈ, ਜਿਸ ਕਾਰਨ ਆਮ ਲੋਕਾਂ ਦੀ ਆਰਥਿਕ ਸਥਿਤੀ ਡਾਵਾਂ ਡੋਲ ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਕੋਰੋਨਾ ਵਾਇਰਸ ਕਾਰਨ ਸਮੁੱਚੇ ਦੇਸ਼ ਵਿਚ ਕੰਮਕਾਰ ਲਗਭਗ ਪੂਰੀ ਤਰ੍ਹਾਂ ਠੱਪ ਪਿਆ ਹੈ, ਜਿਸ ਕਾਰਨ ਆਮ ਲੋਕਾਂ ਦੀ ਆਰਥਿਕ ਸਥਿਤੀ ਡਾਵਾਂ ਡੋਲ ਹੋ ਚੁੱਕੀ ਹੈ। ਕਰੋੜਾਂ ਰੁਪਏ ਖਰਚ ਕਰ ਕੇ ਪੋਲਟਰੀ ਦਾ ਬਿਜ਼ਨਸ ਕਰਨ ਵਾਲੇ ਵਿਅਕਤੀ ਇਸ ਵੇਲੇ ਗੰਭੀਰ ਪ੍ਰੇਸ਼ਾਨੀਆਂ ਵਿੱਚ ਦੀ ਗੁਜ਼ਰਦੇ ਹੋਏ ਅਪਣੀ ਆਰਥਿਕਤਾ ਬਚਾਉਣ ਲਈ ਲੜਾਈ ਲੜ ਰਹੇ ਹਨ। ਹਾਲਾਤ ਇਹ ਹਨ ਕਿ ਉਨ੍ਹਾਂ ਕੋਲ ਇਸ ਵਕਤ ਕੋਈ ਗਾਹਕ ਨਹੀਂ ਹੈ ਪਰ ਖ਼ਰਚੇ ਪਹਿਲਾਂ ਵਾਂਗ ਲਗਾਤਾਰ ਜਾਰੀ ਹਨ।
ਇਸ ਤੋਂ ਇਲਾਵਾ ਹਰ ਰੋਜ ਮੁਰਗੀਆਂ ਵੀ ਮਰ ਰਹੀਆਂ ਹਨ, ਜਿਸ ਕਾਰਨ ਦਿਨੋਂ ਦਿਨ ਘਾਟਾ ਹੋਰ ਵਧ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਬੂੜਾਗੁੱਜਰ ਵਿਖੇ ਪੋਲਟਰੀ ਫਾਰਮ ਦਾ ਕੰਮ ਕਰਨ ਵਾਲੇ ਅਰਵਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ 30 ਹਜ਼ਾਰ ਮੁਰਗੀਆਂ ਹਨ, ਜੋ ਰੋਜ਼ਾਨਾ ਲਗਭਗ 20 ਹਜ਼ਾਰ ਅੰਡੇ ਦਿੰਦੀਆਂ ਹਨ। ਗਾਹਕਾਂ ਦੀ ਵੱਡੀ ਘਾਟ ਕਰਕੇ ਆਂਡੇ ਕੋਲਡ ਸਟੋਰ ਵਿਚ ਰਖਣੇ ਪੈ ਰਹੇ ਹਨ। ਇਸ ਸਮੇਂ ਆਂਡਿਆਂ ਦੇ ਭਾਅ ਅੱਧੇ ਰਹਿ ਗਏ ਹਨ, ਫਿਰ ਵੀ ਕੋਈ ਗਾਹਕ ਨਹੀਂ ਆ ਰਿਹਾ। ਪਹਿਲਾਂ ਆਂਡਾ 5 ਰੁਪਏ ਦਾ ਵਿਕਦਾ ਸੀ ਪਰ ਹੁਣ 2 ਰੁਪਏ 80 ਪੈਸੇ ਦਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਪੋਲਟਰੀ ਦਾ ਕੰਮ ਕਰਦਿਆਂ ਸਾਨੂੰ ਲਗਭਗ 30 ਸਾਲ ਹੋ ਗਏ ਹਨ,
File photo
ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਪਹਿਲਾਂ ਮੁਰਗੀਆਂ ਦੀ ਖੁਰਾਕ ਦੇ ਭਾਅ ਵਧੇ ਸਨ ਤੇ ਬਾਕੀ ਕਸਰ ਕੋਰੋਨਾ ਨੇ ਕੱਢ ਦਿਤੀ, ਜਿਸ ਕਾਰਨ ਸਾਡਾ ਅੰਦਾਜਨ 15 ਲੱਖ ਦੇ ਕਰੀਬ ਨੁਕਸਾਨ ਹੋ ਚੁਕਾ ਹੈ। ਸਥਾਨਕ ਗੋਬਿੰਦ ਨਗਰੀ ਵਿਚ ਪੋਲਟਰੀ ਦਾ ਕੰਮ ਕਰਨ ਵਾਲੇ ਨਿਰਮਲ ਸਿੰਘ ਨੇ ਮਾਯੂਸ ਹੁੰਦਿਆਂ ਕਿਹਾ ਕਿ ਮੇਰੇ ਕੋਲ 17 ਹਜ਼ਾਰ ਮੁਰਗੀਆਂ ਹਨ, ਖੁਰਾਕ ਦੀ ਘਾਟ ਰੋਜ਼ਾਨਾ 20-25 ਮੁਰਗੀਆਂ ਮਰ ਰਹੀਆਂ ਹਨ। ਮੁਰਗੀ ਪਾਲਕ ਇਸ ਸਮੇਂ ਵੱਢੇ ਘਾਟੇ ਵਿਚ ਚੱਲ ਰਹੇ ਹਨ, ਸਪਸ਼ਟ ਸ਼ਬਦਾਂ ਵਿੱਚ ਦਸਦੇ ਹਾਂ
ਕਿ ਸਾਡਾ ਧੰਦਾ ਆਖਰੀ ਸਾਹਾਂ ਤੇ ਹੈ। ਅਰਵਿੰਦਰ ਪਾਲ ਸਿੰਘ ਅਤੇ ਦੂਸਰੇ ਸਮੂਹ ਪੋਲਟਰੀ ਦਾ ਕੰਮ ਕਰਨ ਵਾਲਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੀਆਂ ਵਰਤਮਾਨ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਰੋਜਾਨਾ ਵੱਖ ਵੱਖ ਥਾਵਾਂ ਮੁੱਕਰਰ ਕਰਕੇ ਕੁਝ ਸਮਾਂ ਆਂਡੇ ਤੇ ਮੁਰਗੇ ਵੇਚਣ ਵਾਸਤੇ ਨਿਸਚਿੱਤ ਕੀਤਾ ਜਾਵੇ। ਬਾਹਰਲੇ ਸੂਬਿਆਂ ਵਿੱਚ ਸਪਲਾਈ ਭੇਜਣ ਲਈ ਉਪਰਲੇ ਪੱਧਰ ਦੇ ਸਰਕਾਰ ਗੱਲਬਾਤ ਕਰਕੇ ਹਲ ਕੱਢੇ, ਅਜਿਹੀਆਂ ਨੀਤੀਆਂ ਸਦਕਾ ਹੀ ਸਾਨੂੰ ਕੁੱਝ ਰਾਹਤ ਮਿਲ ਸਕਦੀ ਹੈ।