
ਪੁੱਡਾ ਦੇ ਮੁੱਖ ਪ੍ਰਬੰਧਕ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਨਾਭਾ ਸਬ ਡਵੀਜ਼ਨ ਵਿਖੇ ਲੋਕਾਂ ਨੂੰ
ਨਾਭਾ (ਬਲਵੰਤ ਹਿਆਣਾ): ਪੁੱਡਾ ਦੇ ਮੁੱਖ ਪ੍ਰਬੰਧਕ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਨਾਭਾ ਸਬ ਡਵੀਜ਼ਨ ਵਿਖੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ, ਲੋੜਵੰਦਾਂ ਨੂੰ ਮੁਢਲੀਆਂ ਸਹੂਲਤਾਂ ਤੇ ਵਸਤਾਂ ਮੁਹਈਆ ਕਰਵਾਉਣ ਸਮੇਤ ਕਰਫ਼ਿਊੂ ਦੀ ਸਥਿਤੀ ਸਬੰਧੀ ਸਮੀਖਿਆ ਕੀਤੀ। ਐਸ.ਡੀ.ਐਮ. ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਨਾਭਾ ਦੇ ਐਸ.ਡੀ.ਐਮ. ਸੂਬਾ ਸਿੰਘ, ਡੀ.ਐਸ.ਪੀ. ਵਰਿੰਦਰਜੀਤ ਸਿੰਘ ਥਿੰਦ, ਡੀ.ਐਫ.ਐਸ.ਓ. ਡੇਜ਼ੀ ਖੋਸਲਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਸੁਰਭੀ ਮਲਿਕ ਨੇ ਦਸਿਆ ਕਿ ਸਬ ਡਵੀਜ਼ਨ ਨਾਭਾ ਵਿਖੇ ਦੁੱਧ, ਸਬਜ਼ੀਆਂ, ਕਰਿਆਨਾ, ਦਵਾਈਆਂ ਤੇ ਗੈਸ ਦੀ ਸਪਲਾਈ ਸਮੇਤ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਨਾਭਾ ਤੇ ਭਾਦਸੋਂ ਵਿਖੇ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਤੇ ਗ਼ਰੀਬਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਵੀ ਸਮੀਖਿਆ ਕੀਤੀ ਅਤੇ ਇਸ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਵਲੋਂ ਹੁਣ ਤਕ ਵੱਖ-ਵੱਖ ਸੰਸਥਾਵਾਂ, ਰੈਡ ਕਰਾਸ ਤੇ ਸਰਕਾਰ ਵਲੋਂ ਪ੍ਰਾਪਤ ਹੋਏ ਰਾਸ਼ਨ ਦੇ 5500 ਪੈਕਟ ਵੰਡੇ ਜਾ ਚੁੱਕੇ ਹਨ ਜਦਕਿ ਤਕਰੀਬਨ 40 ਹਜ਼ਾਰ ਲੋਕਾਂ ਲਈ ਪੱਕੇ ਹੋਏ ਲੰਗਰ ਦੇ ਪੈਕਟ ਮੁਹਈਆ ਕਰਵਾਏ ਜਾ ਚੁੱਕੇ ਹਨ।
File photo
ਸ੍ਰੀਮਤੀ ਮਲਿਕ ਨੇ ਦਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਨਾਭਾ ਸ਼ਹਿਰ ਅਤੇ ਇਸ ਦੀਆਂ ਬਾਹਰਲੀਆਂ ਕਲੋਨੀਆਂ ਸਮੇਤ 8000 ਲੋਕਾਂ ਨੂੰ ਰੋਜ਼ਾਨਾ ਪੱਕਿਆ ਹੋਇਆ ਲੰਗਰ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਸਬ ਡਵੀਜ਼ਨ ਅਧੀਨ ਆਉਂਦੇ ਗ਼ਰੀਬ ਪਰਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਲੋੜੀਂਦੀਆਂ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਐਸ.ਡੀ.ਐਮ. ਸੂਬਾ ਸਿੰਘ ਨੇ ਦਸਿਆ ਕਿ ਸਬ ਡਵੀਜ਼ਨ ਦੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਦਾ ਨੰਬਰ 01765-220654 ਹੈ, ਇਸ 'ਤੇ 1 ਅਪ੍ਰੈਲ ਤੋਂ ਅੱਜ ਤਕ ਆਈਆਂ 170 ਕਾਲਾਂ ਵਿਚੋਂ ਜ਼ਿਆਦਾਤਰ ਦਾ ਹੱਲ ਕਰਵਾ ਦਿਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਕਿਉਂਕਿ ਕਿਸੇ ਵੀ ਤਰਾਂ ਦੀਆਂ ਜ਼ਰੂਰੀ ਵਸਤਾਂ ਦੀ ਕੋਈ ਥੁੜ ਨਹੀਂ ਹੈ। ਆਮ ਲੋਕ ਅਪਣੀਆਂ ਰੋਜ਼ਮਰ੍ਹਾ ਦੀਆਂ ਲੋੜੀਂਦੀਆਂ ਵਸਤਾਂ ਅਪਣੀ ਲੋੜ ਮੁਤਾਬਕ ਹੀ ਖ਼ਰੀਦਣ ਅਤੇ ਕਿਸੇ ਵੀ ਦਿੱਕਤ ਦੀ ਸੂਰਤ ਵਿਚ ਕੰਟਰੋਲ ਰੂਮ 'ਤੇ ਸੰਪਰਕ ਕਰਨ।