
ਚਰਨਜੀਤ ਸਿੰਘ ਚੱਢਾ ਤੋਂ ਪਾਬੰਦੀਆਂ ਹਟਾਉਣ ਤੇ ਪੀੜਤ ਔਰਤ ਨੇ ‘ਜਥੇਦਾਰਾਂ’ ’ਤੇ ਕੀਤਾ ਇਤਰਾਜ਼
ਮੈਂ ਵੀ ‘ਜਥੇਦਾਰਾਂ’ ਨੂੰ ਅਪਣਾ ਪੱਖ ਪੇੇਸ਼ ਕਰਨ ਲਈ ਸਮਾਂ ਮੰਗਿਆ ਸੀ ਪਰ ਦਿਤਾ ਨਾ : ਪੀੜਤ
ਅੰਮਿ੍ਰਤਸਰ, 11 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੇ ਤਤਕਲੀਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੂੰ ਅਕਾਲ ਤਖ਼ਤ ਵਲੋਂ ਜਨਤਕ ਪ੍ਰੋਗਰਾਮਾਂ ਵਿਚ ਜਾਣ ’ਤੇ ਲਾਈ ਪਾਬੰਦੀ ਹਟਾਉਣ ’ਤੇ ਪੀੜਤਾ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੂੰ ਚਿੱਠੀ ਲਿਖ ਕੇ ਚੱਢਾ ਨੂੰ ਦਿਤੀ ਮਾਫ਼ੀ ਦੇ ਫ਼ੈਸਲੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪੀੜਤ ਔਰਤ ਨੇ ਅਕਾਲ ਤਖ਼ਤ ਨੂੰ ਅਪਣਾ ਪੱਖ ਰੱਖਣ ਦਾ ਇਕ ਮੌਕਾ ਦੇਣ ਸਬੰਧੀ ਵੀ ਕਿਹਾ।
ਦਸੰਬਰ, 2017 ਵਿਚ ਵੀਡੀਉ ਜਾਰੀ ਹੋਣ ਮਗਰੋਂ ਪੀੜਤਾਂ ਦੀ ਸ਼ਿਕਾਇਤ ’ਤੇ ਹੀ ਚੱਢਾ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਹੁਣ ਅਕਾਲ ਤਖ਼ਤ ਵਲੋਂ ਚੱਢਾ ’ਤੇ ਲਾਈਆਂ ਪਾਬੰਦੀਆਂ ਹਟਾਉਣ ਮਗਰੋਂ ਪੀੜਤ ਔਰਤ ਨੇ ਚਿੱਠੀ ਵਿਚ ਲਿਖਿਆ ਕਿ ‘ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਮੇਰਾ ਪੱਖ ਰੱਖਣ ਦਾ ਮੌਕਾ ਦਿਤਾ ਜਾਵੇ ਪਰ ਮੇਰੀ ਅਪੀਲ ’ਤੇ ਕੋਈ ਵਿਚਾਰ ਨਹੀਂ ਕੀਤਾ ਗਿਆ।’’ ਪੀੜਤ ਔਰਤ ਨੇ ਦਸਿਆ ਕਿ ਉਥੇ ਉਹ ਪਿਛਲੇ ਤਿੰਨ ਸਾਲਾਂ ਤੋਂ ਅਪਣਾ ਅੰਮਿ੍ਰਤਸਰ ਵਿਚਲਾ ਘਰ ਬਾਰ ਛੱਡ ਕੇ ਇਸ ਸਮੇਂ ਪ੍ਰਵਾਰ ਸਮੇਤ ਚੰਡੀਗੜ੍ਹ ਵਿਖੇ ਰਹਿ ਰਹੀ ਹੈ। ਪੀੜਤਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਸੰਸਥਾ ਹੈ, ਜਿਸ ਨੂੰ ਉਸ ਨੇ ਸਾਲ 2019 ਅਤੇ 2020 ਵਿੱਚ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਸੀ ਕਿ ਇਸ ਮਾਮਲੇ ਤੇ ਕੋਈ ਵੀ ਫੈਸਲਾ ਦੇਣ ਤੋ ਪਹਿਲਾ ਉਸ ਦਾ ਵੀ ਪੱਖ ਸੁਣਿਆ ਜਾਏ। ਪਰ ਅਚਾਨਕ ਦਿਤੀ ਮਾਫ਼ੀ ਬਾਰੇ ਸੁਣ ਕੇ ਉਸ ਨੂੰ ਬੇਹੱਦ ਦੁੱਖ ਹੋਇਆਂ ਹੈ। ਪੀੜਤ ਔਰਤ ਨੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੱਢਾ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਰੋਕ ਹਟਾਉਣ ’ਤੇ ਮੇਰੇ ਅਦਾਲਤੀ ਕੇਸਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਚੱਢਾ ਨੂੰ ਦਿਤੀ ਕਲੀਨ ਚਿੱਟ ’ਤੇ ਰੋਕ ਲਾਈ ਜਾਵੇ ਤੇ ਇਕ ਵਾਰ ਮੇਰਾ ਪੱਖ ਜ਼ਰੂਰ ਸੁਣਿਆ ਜਾਵੇ।