
ਬੇਅਦਬੀ ਕਾਂਡ: ਪੀੜਤ ਪ੍ਰਵਾਰ ਐਸਆਈਟੀ ਦੀਆਂ ਚਲਾਨ ਰੀਪੋਰਟਾਂ ਦੇ ਸਿਆਸੀ ਤੇ ਪੁਲਸੀਏ ਦੋਸ਼ੀਆਂ ਵਾਲੇ ਹਿੱਸੇ ਘਰ-ਘਰ ਜਾ ਕੇ ਪੜ੍ਹਾਉਣਗੇ
ਬੇਅਦਬੀ ਕਾਂਡ: ਪੀੜਤ ਪ੍ਰਵਾਰ ਐਸਆਈਟੀ ਦੀਆਂ ਚਲਾਨ ਰੀਪੋਰਟਾਂ ਦੇ ਸਿਆਸੀ ਤੇ ਪੁਲਸੀਏ ਦੋਸ਼ੀਆਂ ਵਾਲੇ ਹਿੱਸੇ ਘਰ-ਘਰ ਜਾ ਕੇ ਪੜ੍ਹਾਉਣਗੇ
ਸ਼ਹੀਦਾਂ ਦੇ ਵਾਰਸਾਂ ਨੇ ਪੁਲਿਸ ਅਫ਼ਸਰਾਂ, ਸਿਆਸਤਦਾਨਾਂ ਅਤੇ ਕੁੱਝ ਧਰਮੀਆਂ ਨੂੰ ਇਕੋ ਜਹੇ ਦੋਸ਼ੀ ਦਸਿਆ
ਕੋਟਕਪੂਰਾ, 11 ਅਪ੍ਰੈਲ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੀਆਂ ਸਾਰੀਆਂ ਚਲਾਨ ਰਿਪੋਰਟਾਂ ਰੱਦ ਕਰ ਕੇ ਨਵੀਂ ਐਸਆਈਟੀ ਦੇ ਗਠਨ ਦਾ ਹਾਈ ਕੋਰਟ ਵਲੋਂ ਫ਼ੈਸਲਾ ਸੁਣਾਉਣ ਤੋਂ ਬਾਅਦ ਪੀੜਤ ਪ੍ਰਵਾਰਾਂ ਵਿਚ ਨਿਰਾਸ਼ਾ ਦਾ ਆਲਮ ਪੈਦਾ ਹੋਣਾ ਸੁਭਾਵਕ ਹੈ |
ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਵਾਰਸਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਜਿਗਰ ਦੇ ਟੋਟਿਆਂ ਦੀ ਸ਼ਹੀਦੀ 'ਤੇ ਸਿਆਸੀ ਰੋਟੀਆਂ ਸੇਕਣ ਲਈ ਭਾਵੇਂ ਸਿਆਸਤਦਾਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਧਾਰਮਕ ਮੁਖੌਟੇ ਵਾਲੇ ਧਰਮੀ ਅਖਵਾਉਂਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਹੁਤ ਜ਼ਲੀਲ ਕੀਤਾ | ਪੀੜਤ ਪ੍ਰਵਾਰਾਂ ਨੇ ਆਖਿਆ ਕਿ ਹੁਣ ਉਨ੍ਹਾਂ ਦਾ ਜਾਂਚ ਕਮਿਸ਼ਨਾਂ, ਐਸਆਈਟੀਆਂ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ਼ ਉਠਦਾ ਜਾ ਰਿਹਾ ਹੈ, ਸਰਕਾਰਾਂ ਤੋਂ ਵੀ ਇਨਸਾਫ਼ ਦੀ ਕੋਈ ਆਸ ਬਾਕੀ ਨਹੀਂ ਬਚੀ ਤੇ ਹੁਣ ਉਹ ਸੁਪਰੀਮ ਕੋਰਟ ਵਿਚ ਜਾਣ ਦੀ ਬਜਾਇ ਸਿਰਫ਼ ਵਾਹਿਗੁਰੂ ਤੋਂ ਇਨਸਾਫ਼ ਦੀ ਆਸ ਰੱਖਣਗੇ, ਉੱਥੇ ਐਸਆਈਟੀ ਦੇ ਮੁਖੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਪੇਸ਼ ਕੀਤੀਆਂ ਚਲਾਨ ਰੀਪੋਰਟਾਂ ਵਿਚ ਜਨਤਕ ਹੋਏ ਸਿਆਸਤਦਾਨਾਂ, ਪੁਲਿਸ ਅਫ਼ਸਰਾਂ ਤੇ ਹੋਰਨਾਂ ਦੀ ਅਸਲੀਅਤ ਤੋਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਣੂ ਜ਼ਰੂਰ ਕਰਵਾਉਣਗੇ | ਉਨ੍ਹਾਂ 13 ਅਪੈ੍ਰਲ ਨੂੰ ਸਵੇਰੇ 10:00 ਵਜੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਆਵਾਜਾਈ ਵਿਚ ਅੜਿੱਕਾ ਨਹੀਂ ਪਾਇਆ ਜਾਵੇਗਾ ਪਰ ਉਸ ਦਿਨ ਅਗਲਾ ਸੰਘਰਸ਼ ਉਲੀਕਣ ਸਬੰਧੀ ਰਣਨੀਤੀ ਤਿਆਰ ਕਰਨ ਅਤੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ |
ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਨਾਨਕਸਰ ਸੰਪਰਦਾ ਦੇ ਇਕ ਮੁਖੀ ਅਤੇ ਭੁੱਚੋ ਮੰਡੀ ਦੇ ਡੇਰਾ ਰੂਮੀ ਵਾਲਿਆਂ ਦੇ ਸੰਚਾਲਕਾਂ ਦਾ ਬਕਾਇਦਾ ਨਾਮ ਲੈਂਦਿਆਂ ਦੋਸ਼ ਲਾਇਆ ਕਿ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਤਹਿਤ ਉਕਤਾਨ ਧਰਮੀ ਅਖਵਾਉਂਦੇ ਬੰਦਿਆਂ ਨੇ ਉਨ੍ਹਾਂ ਨੂੰ 25 ਅਕਤੂਬਰ 2015 ਵਾਲੇ ਦਿਨ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਨਾ ਹੋਣ ਦੇਣ ਲਈ ਅੜਿੱਕੇ ਪਾਏ ਅਤੇ ਗੁਰਜੀਤ ਸਿੰਘ ਬਿੱਟੂ ਦੇ ਨਾਂਅ 'ਤੇ ਵੱਡਾ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ, ਵਿਦੇਸ਼ਾਂ ਵਿਚੋਂ ਸ਼ਹੀਦਾਂ ਦੇ ਨਾਮ 'ਤੇ ਮੋਟੀ ਰਕਮ ਵਸੂਲੀ ਪਰ ਹੁਣ ਉਹ ਸਾਡਾ ਫ਼ੋਨ ਸੁਣਨ ਤੋਂ ਵੀ ਇਨਕਾਰੀ ਹਨ | ਉਨ੍ਹਾਂ ਬਾਦਲ ਪ੍ਰਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਜਿਗਰ ਦੇ ਟੋਟਿਆਂ ਦੀ ਸ਼ਹੀਦੀ 'ਤੇ ਸਿਆਸੀ ਰੋਟੀਆਂ ਸੇਕਣ ਵਾਲੇ ਗੁਨਾਹਾਂ ਦਾ ਖਮਿਆਜ਼ਾ ਉਨ੍ਹਾਂ ਨੂੰ ਲੋਕ ਕਚਹਿਰੀ ਵਿਚ ਜ਼ਰੂਰ ਭੁਗਤਣਾ ਪਵੇਗਾ | ਬਿੱਟੂ ਦੇ ਪਿਤਾ ਸਾਧੂ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਭਾਵੁਕ ਹੁੰਦਿਆਂ ਆਖਿਆ ਕਿ ਪਹਿਲਾਂ ਬਾਦਲ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਫਿਰ ਬੇਅਦਬੀ ਕਾਂਡ ਦਾ ਲਾਹਾ ਲੈ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਨੇ ਵੀ ਉਨ੍ਹਾਂ ਨੂੰ ਸਿਰਫ਼ ਜ਼ਲੀਲ ਹੀ ਕੀਤਾ | ਸ਼ਹੀਦ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਆਖਿਆ ਕਿ ਉਹ ਐਸਆਈਟੀ ਦੀਆਂ ਚਲਾਨ ਰਿਪੋਰਟਾਂ ਵਿਚ ਜਨਤਕ ਹੋਏ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਤੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ ਨੂੰ ਜਾਣੂ ਜ਼ਰੂਰ ਕਰਵਾਉਣਗੇ | ਉਨ੍ਹਾਂ ਆਖਿਆ ਕਿ ਇਸ ਸਬੰਧੀ 13 ਅਪੈ੍ਰਲ ਦਿਨ ਮੰਗਲਵਾਰ ਵਾਲੇ ਰੋਸ ਧਰਨੇ ਵਿਚ ਬਕਾਇਦਾ ਰੂਪ ਰੇਖਾ ਤਿਆਰ ਕੀਤੀ ਜਾਵੇਗੀ |