
ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ ਤੋਂ ਬਾਅਦ ਖਰਗੋਨ ਸ਼ਹਿਰ ’ਚ ਲਗਿਆ ਕਰਫ਼ਿਊ
ਪੁਲਿਸ ਨੇ ਮਾਮਲੇ ਵਿਚ ਹੁਣ ਤਕ 77 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
ਭੋਪਾਲ, 11 ਅਪ੍ਰੈਲ : ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ’ਚ ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ ਕੁੱਝ ਵਾਹਨਾਂ ਅਤੇ ਘਰਾਂ ਨੂੰ ਅੱਗ ਲਗਾ ਦਿਤੀ ਗਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਅੱਗ ਦੀ ਘਟਨਾ ਦੇ ਬਾਅਦ ਸ਼ਹਿਰ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ।
ਪੁਲਿਸ ਨੇ ਮਾਮਲੇ ਵਿਚ ਹੁਣ ਤਕ 77 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਖਰਗੋਨ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਗ੍ਰਹਿ ਪੀ ਨੇ ਕਿਹਾ ਕਿ ਪੂਰੇ ਖਰਗੋਨ ’ਚ ਕਰਫ਼ਿਊ ਲਗਾ ਦਿਤਾ ਗਿਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਹਿੰਸਾ ਦੌਰਾਨ ਖਰਗੋਨ ਦੇ ਪੁਲਿਸ ਸੁਪਰਡੈਂਟ (ਐਸ.ਪੀ) ਸਿਧਾਰਥ ਚੌਧਰੀ ਨੂੰ ਗੋਲੀ ਲੱਗੀ ਹੈ। ਹਿੰਸਾ ਕਾਰਨ ਅਧਿਕਾਰੀਆਂ ਨੇ ਸ਼ਹਿਰ ਦੇ ਤਿੰਨ ਥਾਣਾ ਖੇਤਰਾਂ ਵਿਚ ਕਰਫ਼ਿਊ ਲਗਾ ਦਿਤਾ ਅਤੇ ਪੂਰੇ ਸ਼ਹਿਰ ’ਚ ਸੀ.ਆਰ.ਪੀ.ਸੀ. ਦੀ ਧਾਰਾ 144 (ਚਾਰ ਜਾਂ ਵਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ) ਲਾਗੂ ਕਰ ਦਿਤੀ ਸੀ।
ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਤਿਲਕ ਸਿੰਘ ਨੇ ਸੋਮਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ, “ਦੇਰ ਰਾਤ 2 ਵਜੇ ਤੋਂ ਬਾਅਦ ਸਥਿਤੀ ਕਾਬੂ ਵਿਚ ਹੈ ਅਤੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਪੁਲਿਸ ਦੀ ਗਸਤ ਜਾਰੀ ਹੈ। ਤਲਾਸੀ ਮੁਹਿੰਮ ’ਚ ਹੁਣ ਤਕ 70 ਤੋਂ ਵਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।” ਓਧਰ ਖਰਗੋਨ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਮੇਰ ਸਿੰਘ ਮੁਜਾਲਦੇ ਨੇ ਦਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਤਾਲਾਬ ਚੌਕ ’ਤੇ ਰਾਮ ਨੌਮੀ ਦਾ ਜਲੂਸ ਕਢਦੇ ਹੀ ਕੁੱਝ ਬਦਮਾਸ਼ਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਲੋਕਾਂ ’ਤੇ ਪਥਰਾਅ ਕੀਤਾ। ਇਸ ਕਾਰਨ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਇਨ੍ਹਾਂ ਘਟਨਾਵਾਂ ’ਚ ਪੁਲਿਸ ਮੁਲਾਜ਼ਮਾਂ ਸਮੇਤ ਕੁੱਝ ਲੋਕ ਜ਼ਖ਼ਮੀ ਵੀ ਹੋਏ ਹਨ।
ਡੀ.ਆਈ.ਜੀ. ਨੇ ਕਿਹਾ ਕਿ ਹਿੰਸਾ ਵਿਚ 6 ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 24 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਇਸ ਘਟਨਾ ਵਿਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ’ਚ ਮਦਦ ਕਰਨ ਲਈ ਕਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿਚ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਖਰਗੋਨ ਘਟਨਾ ਨੂੰ ਲੈ ਕੇ ਸੋਸਲ ਮੀਡੀਆ ’ਤੇ ਇਤਰਾਜਯੋਗ ਸੰਦੇਸ਼ ਜਾਂ ਵੀਡੀਉ ਸਾਂਝੀ ਕਰਨ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। (ਏਜੰਸੀ)