
ਇਸ ਹਾਦਸੇ 'ਚ 11 ਸ਼ਰਧਾਲੂ ਵੀ ਗੰਭੀਰ ਜ਼ਖਮੀ ਹੋ ਗਏ ਹਨ।
ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ 'ਚ ਵਾਪਰੇ ਦਰਦਨਾਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵਿਸਾਖੀ ਮੌਕੇ ਮੱਥਾ ਟੇਕਣ ਲੁਧਿਆਣਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ ਟਰਾਲੀ ਖੁਰਾਲਗੜ੍ਹ ਗੜ੍ਹਸ਼ੰਕਰ ਰੋਡ ’ਤੇ ਪਿੰਡ ਗੜ੍ਹੀ ਮਾਨਸੋਵਾਲ ਨੇੜੇ ਇੱਕ ਟੋਏ ਵਿੱਚ ਪਲਟ ਗਈ। ਜਿਸ ਕਾਰਨ ਟਰਾਲੀ 'ਚ ਸਵਾਰ 3 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਗੁਰਬਚਨ ਸਿੰਘ, ਹੈਰੀ ਪੁੱਤਰ ਦਾਸ ਰਾਮ ਅਤੇ ਬਾਬਾ ਸਦਾ ਸਿੰਘ ਵਜੋਂ ਹੋਈ ਹੈ। ਤਿੰਨੋਂ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਹਾਦਸੇ 'ਚ 11 ਸ਼ਰਧਾਲੂ ਵੀ ਗੰਭੀਰ ਜ਼ਖਮੀ ਹੋ ਗਏ ਹਨ।
ਜ਼ਖ਼ਮੀਆਂ ਵਿੱਚੋਂ ਸੱਤ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ 4 ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸਮਰਾਲਾ ਦੇ ਵਸਨੀਕ ਜਸਵੀਰ ਸਿੰਘ ਨੇ ਦੱਸਿਆ ਕਿ ਸੰਗਤ ਵਿਸਾਖੀ ਮੌਕੇ ਗੁਰੂ ਰਵਿਦਾਸ ਜੀ ਦੇ ਤਪੋਸਥਲ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਈ ਹੋਈ ਸੀ। ਗੁਰੂਘਰ ਵਿੱਚ 2 ਦਿਨ ਰੁਕਣ ਦਾ ਪ੍ਰੋਗਰਾਮ ਸੀ। ਜਿਸ ਲਈ ਲੰਗਰ ਸਮੱਗਰੀ, ਲਾਈਟ ਲਈ ਜਨਰੇਟਰ ਆਦਿ ਵੀ ਟਰਾਲੀ ਦੇ ਪਿੱਛੇ ਬੰਨ੍ਹੇ ਹੋਏ ਸਨ। ਗੜ੍ਹੀ ਮਾਨਸੋਵਾਲ ਰੋਡ ਦੀ ਹਾਲਤ ਖ਼ਰਾਬ ਹੋਣ ਕਾਰਨ ਜਨਰੇਟਰ ਟਰਾਲੀ ਆਪਣਾ ਸੰਤੁਲਨ ਗੁਆ ਕੇ ਟੋਏ ਵਿੱਚ ਪਲਟ ਗਈ।