
ITI 'ਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਮ੍ਰਿਤਕ
ਜਲਾਲਾਬਾਦ ਸਰਕਾਰੀ ਆਈਟੀਆਈ ਵਿਚ ਬਤੌਰ ਚੌਕੀਦਾਰ ਕੰਮ ਕਰਦੇ 35 ਸਾਲਾ ਨੌਜਵਾਨ ਦੀ ਭੇਦ-ਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਤੇ 10 ਸਾਲਾਂ ਤੋਂ ਜਲਾਲਾਬਾਦ ਦੇ ਫ਼ਿਰੋਜ਼ਪੁਰ-ਫਾਜ਼ਿਲਕਾ 'ਤੇ ਮੌਜੂਦ ਆਈਟੀਆਈ ਵਿਖੇ ਸੁਖਮੰਦਰ ਸਿੰਘ ਕੱਚੇ ਮੁਲਾਜ਼ਮ ਦੇ ਤੌਰ 'ਤੇ ਚੌਕੀਦਾਰ ਦਾ ਕੰਮ ਕਰ ਰਿਹਾ ਸੀ।
ਬੀਤੇ ਕੱਲ੍ਹ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਡਿਊਟੀ ਤੇ ਆਇਆ ਅਤੇ ਅੱਜ ਜਦ ਆਈ ਟੀ ਆਈ ਦੇ ਸਟਾਫ ਨੇ ਆ ਕੇ ਦੇਖਿਆ ਆਈ ਟੀ ਆਈ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਲਾਲਾਬਾਦ ਥਾਣਾ ਸਿਟੀ ਦੇ ਐਸ ਐਚ ਓ ਦਵਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਦਰਵਾਜਾ ਤੋੜ ਕੇ ਜਦ ਅੰਦਰ ਦੇਖਿਆ ਗਿਆ ਤਾਂ ਚੌਕੀਦਾਰ ਦੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਮੁਤਾਬਕ ਚੌਕੀਦਾਰ ਪਿੰਡ ਸਿੰਘਏ ਸੈਣੀਆ ਦਾ ਰਹਿਣ ਵਾਲਾ ਸੀ ਅਤੇ ਬੀਤੇ 10 ਸਾਲਾਂ ਤੋਂ ਇਥੇ ਹੀ ਚੌਕੀਦਾਰ ਦਾ ਕੰਮ ਕਰ ਰਿਹਾ ਸੀ। ਮੌਕੇ 'ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋ ਛੋਟੇ ਬੱਚੇ ਵੀ ਹਨ।
ਫਿਲਹਾਲ ਪੁਲਿਸ ਵੱਲੋਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਥਾਣਾ ਸਿਟੀ ਐੱਸਐੱਚਓ ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਏਗੀ।