
ਪਰਵਾਰ ਵਾਲਿਆਂ ਨੇ ਹਸਪਤਾਲ ਦੇ ਬਾਹਰ ਪ੍ਰਗਟਾਇਆ ਰੋਸ
ਬਠਿੰਡਾ, 11 ਮਈ (ਸੁਖਜਿੰਦਰ ਮਾਨ): ਬੀਤੇ ਕਲ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਬਤੌਰ ਕਲਰਕ ਕੰਮ ਕਰਦੀ ਇਕ ਨੌਜਵਾਨ ਲੜਕੀ ਦੀ ਮੌਤ ਦੇ ਮਾਮਲੇ 'ਚ ਬੇਸ਼ੱਕ ਪੁਲਿਸ ਨੇ ਬੀਤੀ ਰਾਤ ਹੀ ਯੂਨੀਵਰਸਿਟੀ ਦੇ ਇਕ ਮੁਲਾਜ਼ਮ ਵਿਰੁਧ ਕਤਲ ਦਾ ਪਰਚਾ ਦਰਜ ਕਰ ਲਿਆ ਹੈ ਪਰ ਅੱਜ ਲੜਕੀ ਦੀ ਲਾਸ਼ ਲੈਣ ਆਏ ਪਰਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਅੱਗੇ ਰੋਸ ਜਤਾਉਦਿਆਂ ਮੰਗ ਕੀਤੀ ਕਿ ਲੜਕੀ ਨੂੰ ਐਤਵਾਰ ਵਾਲੇ ਦਿਨ ਫ਼ੋਨ ਕਰ ਕੇ ਬੁਲਾਉਣ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ।
ਅਜਿਹਾ ਨਾ ਹੋਣ 'ਤੇ ਉਨ੍ਹਾਂ ਲੜਕੀ ਦਾ ਪੋਸਟਮਾਰਟਮ ਨਾ ਕਰਵਾਉਣ ਅਤੇ ਉੁਸ ਦਾ ਅੰਤਮ ਸਸਕਾਰ ਨਾ ਕਰਨ ਦਾ ਐਲਾਨ ਵੀ ਕੀਤਾ। ਪਰ ਪੁਲਿਸ ਨੇ ਇਸ ਮੌਕੇ ਚੌਕਸੀ ਵਰਤਦਿਆਂ ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਧਰਨਾ ਲਗਾਉਣ ਤੋਂ ਰੋਕ ਦਿਤਾ।
ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੇ ਵਰਧਮਾਨ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਗਨੇਸ਼ਵਰ ਕੁਮਾਰ ਨੇ ਕਿਹਾ ਕਿ ਇਸ ਕੇਸ ਵਿਚ ਪਹਿਲਾਂ ਹੀ ਯੂਨੀਵਰਸਿਟੀ ਦੇ ਇਕ ਮੁਲਾਜ਼ਮ ਜਗਦੇਵ ਸਿੰਘ ਵਿਰੁਧ ਕਤਲ ਅਤੇ ਸਾਜਸ਼ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਮਰਪੁਰਾ ਬਸਤੀ ਦੀ ਮ੍ਰਿਤਕ ਜੋਤੀ ਰਾਣੀ ਯੂਨੀਵਰਸਿਟੀ ਵਿਚ ਬਤੌਰ ਡਾਟਾ ਐਂਟਰੀ ਅਪਰੇਟਰ ਕੰਮ ਕਰਦੀ ਸੀ। ਐਤਵਾਰ ਨੂੰ ਯੂਨੀਵਰਸਿਟੀ ਵਿਚ ਕੋਈ ਜ਼ਰੂਰੀ ਕੰਮ ਹੋਣ ਕਰ ਕੇ ਉਸ ਨੂੰ ਸਰਕਾਰੀ ਗੱਡੀ ਰਾਹੀਂ ਦਫ਼ਤਰ ਬੁਲਾਇਆ ਗਿਆ ਸੀ ਜਿੱਥੇ ਕਰੀਬ 10 ਵਜੇ ਯੂਨੀਵਰਸਿਟੀ ਦੀ ਚੌਥੀ ਮੰਜ਼ਲ ਦੀ ਛੱਤ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮੋਬਾਈਲ ਫ਼ੋਨ ਦੇ ਆਧਾਰ 'ਤੇ ਪੁਲਿਸ ਨੇ ਜਗਦੇਵ ਸਿੰਘ ਵਿਰੁਧ ਪਰਚਾ ਦਰਜ ਕੀਤਾ ਸੀ।
ਹੁਣ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਯੂਨੀਵਰਸਿਟੀ ਦੇ ਵਿੱਤ ਅਫ਼ਸਰ ਸੁਭਾਸ਼ ਬਾਂਸਲ ਅਤੇ ਇਕ ਹੋਰ ਕਰਮਚਾਰੀ ਵਿਵੇਕ ਵਿਰੁਧ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਤਾਲਾਬੰਦੀ ਤੇ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਲੜਕੀ ਨੂੰ ਫ਼ੋਨ ਕਰ ਕੇ ਬੁਲਾਇਆ ਸੀ।