
ਕੀਤੀ ਫ਼ਾਇਰਿੰਗ, ਇਕ ਵਿਅਕਤੀ ਨੂੰ ਕੀਤਾ ਸਖ਼ਤ ਜ਼ਖ਼ਮੀ
ਮੁੱਦਕੀ, 11 ਮਈ (ਪ੍ਰੇਮ ਮਨਚੰਦਾ): ਨਜ਼ਦੀਕੀ ਪਿੰਡ ਚੰਦੜ੍ਹ ਵਿਖੇ ਨਸ਼ਾ ਮੁਕਤੀ ਗੁਰਮਤਿ ਵਿਦਿਆਲਾ (ਨਸ਼ਾ ਛਡਾਊ ਕੇਂਦਰ) ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫ਼ਾਇਰਿੰਗ ਕਰਨ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਦੇ ਸੇਵਾਦਾਰ ਜਗਤੇਜ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮੁੱਦਕੀ ਨੇ ਦਸਿਆ ਕਿ ਦੁਪਹਿਰ ਕਰੀਬ 12.30 ਵਜੇ ਕੁਝ ਵਿਅਕਤੀ ਨਸ਼ਾ ਮੁਕਤੀ ਗੁਰਮਤਿ ਵਿਦਿਆਲਾ ਆਏ ਤੇ ਕਿਹਾ ਕਿ ਨਸ਼ਾ ਛਡਵਾਉਣ ਵਾਸਤੇ ਅਸੀਂ ਅਪਣਾ ਇਕ ਬੰਦਾ ਇਥੇ ਭਰਤੀ ਕਰਵਾਉਣਾ ਹੈ।
ਅਸੀਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਸੀਂ 19 ਮਾਰਚ ਤੋਂ ਨਸ਼ਾ ਛਡਵਾਉਣ ਵਾਲੇ ਨੌਜਵਾਨਾਂ ਦੀ ਭਰਤੀ ਬੰਦ ਕੀਤੀ ਹੋਈ ਹੈ। ਇੰਨੇ ਨੂੰ ਉਨ੍ਹਾਂ ਅੰਦਰਲਾ ਦਰਵਾਜ਼ਾ ਖੋਲ੍ਹ ਕੇ ਭੰਨ੍ਹ ਤੋੜ ਸ਼ੁਰੂ ਕਰ ਦਿਤੀ, ਖਿੜਕੀ ਦੇ ਸ਼ੀਸ਼ੇ ਤੋੜ ਦਿਤੇ ਅਤੇ ਡਿਊਟੀ ਨਿਭਾਅ ਰਹੇ ਕਾਬਲ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਉਦੇਕਰਨ (ਸ੍ਰੀ ਮੁਕਤਸਰ ਸਾਹਿਬ) 'ਤੇ ਡੰਡਿਆਂ ਨਾਲ ਹਮਲਾ ਕਰ ਦਿਤਾ ਜਿਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ।
ਉਨ੍ਹਾਂ ਦਸਿਆ ਕਿ ਕਿ ਪਹਿਲਾਂ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਫਿਰ ਉਨ੍ਹਾਂ ਪਿੱਛੇ ਤਿੰਨ ਗੱਡੀਆਂ 'ਚ ਲਗਭਗ 15-16 ਜਣਿਆਂ ਨੇ ਆ ਕੇ ਵਿਦਿਆਲੇ ਦੇ ਬਾਹਰ ਫ਼ਾਇੰਰਗ ਸ਼ੁਰੂ ਕਰ ਦਿਤੀ। ਜਖ਼ਮੀ ਕਾਬਲ ਸਿੰਘ ਨੂੰ ਸਰਕਾਰੀ ਹਸਪਤਾਲ ਫ਼ਿਰੋਜ਼ਸ਼ਾਹ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ।
ਜਦੋਂ ਇਸ ਸਬੰਧੀ ਚੌਕੀ ਇੰਚਾਰਜ ਮੁੱਦਕੀ ਗੁਰਪ੍ਰੀਤ ਹਾਂਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਜਖ਼ਮੀ ਕਾਬਲ ਸਿੰਘ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾਂ ਘੱਲ ਖੁਰਦ ਦੇ ਮੁਖੀ ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ।