
ਮੁੱਖ ਸਕੱਤਰ ਦੇ ਬੇਟੇ 'ਤੇ ਲਾਏ ਸ਼ਰਾਬ ਕਾਰੋਬਾਰ ਵਿਚ ਹਿੱਸੇਦਾਰ ਦੇ ਗੰਭੀਰ ਦੋਸ਼
ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਜੋ ਮੰਤਰੀਆਂ ਨਾਲ ਵਿਵਾਦ ਵਿਚ ਉਲਝੇ ਹੋਏ ਹਨ, ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਵਲੋਂ ਉਸ ਦੇ ਬੇਟੇ ਦੀ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰੀ ਦੇ ਲਾਏ ਗੰਭੀਰ ਦੋਸ਼ਾਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
File photo
ਇਸ ਨਾਲ ਵਿਰੋਧੀਆਂ ਨੂੰ ਵੀ ਬੈਠੇ ਬਿਠਾਏ ਮੁੱਦਾ ਮਿਲ ਗਿਆ ਹੈ ਜੋ ਪਹਿਲਾਂ ਹੀ ਸਰਕਾਰ ਦੇ ਲੋਕਾਂ ਦੀ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰੀ ਦੇ ਦੋਸ਼ ਲਾਉਂਦੇ ਰਹਿੰਦੇ ਹਨ। ਰਾਜਾ ਵੜਿੰਗ ਨੇ ਇਹ ਦੋਸ਼ ਅੱਜ ਮੰਤਰੀ ਮੰਡਲ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕਈ ਟਵੀਟ ਕਰ ਕੇ ਲਾਏ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਰਾਜਾ ਵੜਿੰਗ ਨੇ ਮੁੱਖ ਸਕੱਤਰ ਨੂੰ ਬਦਲਣ ਦਾ ਮੁੱਦਾ ਚੁਕਿਆ ਸੀ।
ਅੱਜ ਮੁੱਖ ਸਕੱਤਰ ਵਿਰੁਧ ਨਵਾਂ ਮੋਰਚਾ ਖੋਲ੍ਹਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਸਕੱਤਰ ਦੇ ਬੇਟੇ ਦੀ ਜਲੰਧਰ ਦੀ ਡਿਸਟਿਲਰੀ 'ਚ ਬੇਨਾਮੀ ਹਿੱਸੇਦਾਰੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਪੰਜ ਸਵਾਲ ਕਰਦੇ ਹੋਏ ਪੁਛਿਆ ਹੈ ਕਿ ਉਹ ਦਸਣਗੇ ਕਿ ਉਹ ਜਲੰਧਰ ਦੇ ਚੰਦਨ ਨਾਂ ਦੇ ਸ਼ਰਾਬ ਕਾਰੋਬਾਰੀ ਨੂੰ ਨਹੀਂ ਜਾਣਦੇ ਜੋ ਹਮੀਰਾ ਸ਼ਰਾਬ ਡਿਸਟਿਲਰੀ ਵਿਚ ਹਿੱਸੇਦਾਰ ਹਨ।
ਇਹ ਸਵਾਲ ਵੀ ਉਨ੍ਹਾਂ ਮੁੱਖ ਸਕੱਤਰ ਤੋਂ ਪੁਛਿਆ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸ਼ਰਾਬ ਦੀ ਡਿਸਟਿਲਰੀ ਦੇ ਲਾਇਸੈਂਸ ਨੂੰ ਸਬਲੈਟ ਨਹੀਂ ਕੀਤਾ ਜਾ ਸਕਦਾ। ਸ਼ਰਾਬ ਦਾ ਕੋਟਾ ਸਿਰਫ਼ ਲਾਇਸੈਂਸੀ ਦੇ ਨਾਂ 'ਤੇ ਜਾਰੀ ਹੁੰਦਾ ਹੈ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਮੁੱਖ ਸਕੱਤਰ ਇਹ ਨਹੀਂ ਜਾਣਦੇ ਕਿ ਸਪਿਰਟ ਦਾ ਕੋਟਾ ਬਿਨਾਂ ਟੈਂਡਰ ਜਾਰੀ ਨਹੀਂ ਹੋ ਸਕਦਾ। ਪਰ ਇਹ ਹੋਇਆ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਚੁਣੌਤੀ ਦਿਤੀ ਕਿ ਮੇਰੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਠਹਿਰਾਉਣ। ਵੜਿੰਗ ਨੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਹੈ।