
ਜਲੰਧਰ : 13 ਹੋਰ ਕੋਰੋਨਾ ਪਾਜ਼ੇਟਿਵ
ਜਲੰਧਰ : 13 ਹੋਰ ਕੋਰੋਨਾ ਪਾਜ਼ੇਟਿਵ
ਜਲੰਧਰ, 11 ਮਈ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਜਲੰਧਰ 'ਚ ਅੱਜ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 13 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਣ 'ਤੇ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 186 ਹੋ ਗਈ ਹੈ। ਅੱਜ ਪੀੜਤ ਆਏ ਵਿਅਕਤੀਆਂ 'ਚ 12 ਕਾਜ਼ੀ ਮੁਹੱਲੇ ਦੇ ਹਨ, ਜੋ ਕੋਰੋਨਾ ਪੀੜਤ ਮ੍ਰਿਤਕ ਨਰੇਸ਼ ਚਾਵਲਾ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ ਅਤੇ ਇਕ ਮਰੀਜ਼ ਪੁਰਾਣੀ ਸਬਜ਼ੀ ਮੰਡੀ ਦਾ ਰਹਿਣ ਵਾਲਾ ਹੈ। ਵਰਨਣਯੋਗ ਹੈ ਕਿ ਦਰਸ਼ਨ ਸਿੰਘ (91) ਵਾਸੀ ਪਿੰਡ ਕਬੂਲ ਪੁਰ, ਜੰਡੂਸਿੰਘਾ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਜਾਣ ਨਾਲ ਹੁਣ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।
ਰਾਜਪੁਰਾ : ਇਕ ਹੋਰ ਮਰੀਜ਼ ਦੀ ਪੁਸ਼ਟੀ
ਪਟਿਆਲਾ, 11 ਮਈ (ਤੇਜਿੰਦਰ ਫ਼ਤਿਹਪੁਰ) : ਰਾਜਪੁਰਾ ਦੀ ਆਦਰਸ਼ ਕਾਲੋਨੀ ਦੀ 52 ਸਾਲਾ ਔਰਤ ਜੋ ਕਿ ਕਿਸੇ ਬੀਮਾਰੀ ਕਾਰਨ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਹੈ, ਦੀ ਕਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ, ਜਿਸ ਦੀ ਰੀਪੋਰਟ ਕੋਵਿਡ ਪਾਜ਼ੇਟਿਵ ਆਈ ਹੈ। ਇਸ ਦੀ ਸੁਚਨਾ ਸਿਵਲ ਸਰਜਨ ਲੁਧਿਆਣਾ ਤੋਂ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ।
ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਈ ਔਰਤ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਦੇ ਕੋਵਿਡ ਜਾਂਚ ਸੈਂਪਲ ਲਏ ਜਾਣਗੇ। ਡਾ. ਮਲਹੋਤਰਾ ਨੇ ਦਸਿਆ ਕਿ ਹੁਣ ਤਕ ਕੋਵਿਡ ਜਾਂਚ ਸਬੰਧੀ 1771 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 102 ਕੋਵਿਡ ਪਾਜ਼ੇਟਿਵ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 1552 ਨੈਗੇਟਿਵ ਅਤੇ 117 ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿਚੋਂ ਦੋ ਪਾਜ਼ੇਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 18 ਕੇਸ ਠੀਕ ਹੋ ਚੁੱਕੇ ਹਨ ਉਨ੍ਹਾਂ ਦਸਿਆ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 82 ਹੈ।
ਫ਼ਤਿਹਗੜ੍ਹ ਸਾਹਿਬ : 9 ਨਵੇਂ ਮਾਮਲੇ
ਫ਼ਤਿਹਗੜ੍ਹ ਸਾਹਿਬ, 11 ਮਈ (ਪਪ) : ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 9 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਟੋਟਲ ਪਾਜ਼ੇਟਿਵ ਕੇਸਾਂ ਦੀ ਗਿਣਤੀ 57 ਹੋ ਗਈ ਹੈ। ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦਸਿਆ ਕਿ ਇਨ੍ਹਾਂ 'ਚ 4 ਬਹਿਰਾਮ ਪੁਰ, 3 ਖਮਾਣੋਂ, 1 ਕੋਟਲਾ ਅਤੇ 1 ਫ਼ਤਿਹਗੜ੍ਹ ਸਾਹਿਬ ਦਾ ਪੁਲਿਸ ਮੁਲਾਜ਼ਮ ਹੈ। ਇਹ ਸੱਭ ਕੇਸ ਪਾਜ਼ੇਟਿਵ ਕੇਸਾਂ ਦੇ ਨਜ਼ਦੀਕ 'ਚ ਹਨ।
ਮੋਗਾ : ਦੋ ਨਵੇਂ ਕੋਰੋਨਾ ਪਾਜ਼ੇਟਿਵ
ਮੋਗਾ, 11 ਮਈ (ਅਮਜਦ ਖ਼ਾਨ) : ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਦੋ ਜਣਿਆਂ ਦੀ ਕੋਰੋਨਾ ਸਬੰਧੀ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ 156 ਨਮੂਨਿਆਂ ਦੀ ਰੀਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦਸਿਆ ਕਿ ਨਵੇਂ ਦੋ ਮਰੀਜ਼ਾਂ ਵਿਚ ਇਕ ਮਰੀਜ਼ ਦੌਲੇਵਾਲ ਅਤੇ ਦੂਸਰਾ ਬਾਘਾਪੁਰਾਣਾ ਦਾ ਸ਼ਾਮਲ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਅਤੇ ਸਰਕਾਰੀ ਹਸਪਤਾਲ ਬਾਘਾਪੁਰਾਣਾ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਹੀ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਪਾਜ਼ੇਟਿਵ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 46 ਹੋ ਗਈ ਹੈ।
ਤਰਨ ਤਾਰਨ : ਇਕ ਹੋਰ ਮਾਮਲਾ
ਤਰਨ ਤਾਰਨ, 11 ਮਈ : (ਅਮਿਤ ਮਰਵਾਹਾ, ਅਮਨਦੀਪ ਮਨਚੰਦਾ) : ਜ਼ਿਲੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ ਵਿਚੋਂ ਅੱਜ 1 ਹੋਰ ਸੈਂਪਲ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਜ਼ਿਲ੍ਹੇ ਵਿਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁਲ ਗਿਣਤੀ 162 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦਸਿਆ ਕਿ ਟੈਸਟ ਲਈ ਭੇਜੇ ਗਏ ਸੈਂਪਲਾਂ ਦੇ ਅੱਜ ਪ੍ਰਾਪਤ 90 ਨਤੀਜਿਆਂ ਵਿਚੋਂ 1 ਸੈਂਪਲ ਦੀ ਰਿਪੋਰਟ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ ਅਤੇ ਜਾਂਚ ਲਈ ਭੇਜੇ ਗਏ 89 ਨਮਨਿਆਂ ਦੀ ਰੀਪੋਰਟ ਨੈਗੇਟਿਵ ਆਈ ਹੈ।
ਹੁਸ਼ਿਆਰਪੁਰ : ਇਕ ਹੋਰ ਮਰੀਜ਼ ਆਇਆ
ਹੁਸ਼ਿਆਰਪੁਰ, 11 ਮਈ (ਪਪ) : ਜ਼ਿਲ੍ਹੇ 'ਚ ਕੋਵਿਡ-19 ਦੀ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ 'ਚ ਇਕ ਨਵਾਂ ਪਾਜ਼ੇਟਿਵ ਮਰੀਜ਼ ਆਉਣ ਨਾਲ ਇਹ ਸੰਖਿਆ 92 ਹੋ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਤੱਕ 1341 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 1148 ਨੈਗੇਟਿਵ, 92 ਪਾਜ਼ੇਟਿਵ ਅਤੇ 82 ਸਂੈਪਲਾਂ ਦਾ ਨਤੀਜਾ ਆਉਣਾ ਬਾਕੀ ਹੈ। 19 ਸੈਂਪਲ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਰਿਪੋਰਟ ਅਨੁਸਾਰ ਮੁਕੇਰੀਆਂ ਤਹਿਸੀਲ ਦੇ ਪਿੰਡ ਟੋਟੋ ਦਾ ਇਕ ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ ਜੋ ਪਿਛਲੇ ਦਿਨੀਂ ਦਿੱਲੀ ਤੋਂ ਵਾਪਸ ਆਇਆ ਸੀ।
ਅੰਮ੍ਰਿਤਸਰ : ਇਕ ਨਵਾਂ ਕੇਸ ਆਇਆ
ਅੰਮ੍ਰਿਤਸਰ, 11 ਮਈ (ਅਰਵਿੰਦਰ ਵੜੈਚ): ਅੰਮ੍ਰਿਤਸਰ ਵਿਚ 160 ਲੋਕਾਂ ਦੇ ਕੀਤੇ ਗਏ ਕੋਰੋਨਾ ਟੈਸਟਾਂ ਵਿਚੋਂ ਇਕ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ। ਇਸ ਤੋਂ ਇਲਾਵਾ ਸਿਵਲ ਸਰਜਨ ਵਲੋਂ ਜਾਰੀ ਰੀਪੋਰਟ ਮੁਤਾਬਕ ਐਤਵਾਰ ਨੂੰ ਦੇਰ ਰਾਤ 9 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 286 ਤੋਂ ਵੱਧ ਕੇ 296 ਤਕ ਪਹੁੰਚ ਗਈ ਹੈ।