
ਗੁਰਨਾਮ ਚੜੂਨੀ ਨੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਹੋਈ ਬਲਾਤਕਾਰ ਦੀ ਘਟਨਾ ਦੀ ਵੀ ਕੀਤੀ ਨਿੰਦਾ
ਚੰਡੀਗੜ੍ਹ - ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅੱਜ ਚੰਡੀਗੜ੍ਹ ਦੇ ਪ੍ਰਦਰਸ਼ਨਕਾਰੀਆਂ ਦਾ ਉਤਸ਼ਾਹ ਵਧਾਉਣ ਪਹੁੰਚੇ। ਇਸ ਮੌਕੇ ਗੁਰਨਾਮ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਅਤੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਹੋਈ ਬਲਾਤਕਾਰ ਦੀ ਘਟਨਾ ਦੀ ਨਿੰਦਾ ਵੀ ਕੀਤੀ। ਕਿਸਾਨ ਆਗੂਆਂ ਵੱਲੋਂ ਇਸ ਮਾਮਲੇ ਵਿਚ ਦੇਰੀ ਕੀਤੇ ਜਾਣ 'ਤੇ ਗੁਰਨਾਮ ਸਿੰਘ ਦਾ ਕਹਿਣਾ ਸੀ ਕਿ ਪੀੜਤ ਲੜਕੀ ਖੁਦ ਹੀ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦੀ ਸੀ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੀੜਤ ਲੜਕੀ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ ਅਤੇ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਦੇ ਲਈ ਸਖਤੀ ਕੀਤੀ ਜਾਵੇਗੀ। ਚੜੂਨੀ ਦਾ ਕਹਿਣਾ ਸੀ ਕਿ ਕੋਰੋਨਾ ਦੇ ਚਲਦੇ ਮੋਰਚੇ ਵੱਲੋਂ ਕੋਈ ਵੱਡਾ ਸੱਦਾ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਗੁਰਨਾਮ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਨਾਥ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਯੂ ਪੀ ਦੀ ਚੋਣ ਦੌਰਾਨ ਕਿਸਾਨ ਆਗੂ ਸਰਕਾਰ ਵਿਰੁੱਧ ਪ੍ਰਚਾਰ ਕਰਨ ਪਹੁੰਚਣਗੇ ਅਤੇ ਜੇ ਯੋਗੀ ਵਿਚ ਦਮ ਹੈ ਤਾਂ ਸਾਨੂੰ ਰੋਕ ਕੇ ਦਿਖਾਵੇ।
ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ ਉੱਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ ਉੱਤੇ ਸਮੂਹਿਕ ਬਲਾਤਕਾਰ ਅਤੇ ਅਗਵਾ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਬਹਾਦਰਗੜ੍ਹ ਪੁਲਿਸ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਮੁਤਾਬਕ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਫ਼ਆਈਆਰ ਮੁਤਾਬਿਕ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਦੋ ਔਰਤਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ।