
ਪੰਜਾਬ ਸੰਕਟ: ਮੀਟਿੰਗਾਂ ਦਾ ਦੌਰ ਜਾਰੀ, ਕੈਪਟਨ ਖ਼ੁਦ ਨਿਕਲੇ ਰੁੱਸਿਆਂ ਨੂੰ ਮਨਾਉਣ ਲਈ
ਕੋਟਕਪੂਰਾ ਗੋਲੀਕਾਂਡ ਦੇ ਫ਼ੈਸਲੇ ਨੂੰ ਲੈ ਕੇ ਸੰਕਟ ਦਾ ਨਹੀਂ ਨਿਕਲ ਰਿਹਾ ਕੋਈ ਹੱਲ
ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਜਾਂਚ ਰੀਪੋਰਟ ਰੱਦ ਕਰ ਦੇਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਤੇ ਸਰਕਾਰ 'ਚ ਪੈਦਾ ਹੋਈ ਸੰਕਟ ਦੀ ਸਥਿਤੀ ਦਾ ਕੋਈ ਹੱਲ ਜਿਥੇ ਲੱਭਣ ਲਈ ਮੁੱਖ ਮੰਤਰੀ ਨਾਲ ਨਾਰਾਜ਼ ਧੜਿਆਂ ਨੇ ਮੀਟਿੰਗਾਂ ਅਤੇ ਲਾਮਬੰਦੀ ਦਾ ਦੌਰ ਜਾਰੀ ਰਖਿਆ,ਉਥੇ ਮੱੁਖ ਮੰਤਰੀ ਨੇ ਰੁੱਸੇ ਹੋਏ ਸਾਥੀਆਂ ਨੂੰ ਆਪ ਫ਼ੋਨ ਕਰ ਕੇ ਪੁਛਿਆ ਕਿ ਉਹ ਦੱਸਣ ਕਿ ਉਹ ਕਿਸ ਗੱਲੋਂ ਨਾਰਾਜ਼ ਹਨ ਤੇ ਕੀ ਚਾਹੁੰਦੇ ਹਨ ਪਰ ਪਬਲਿਕ ਵਿਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਰ ਰਹੇ ਹਨ |
ਬੇਅਦਬੀ ਤੇ ਗੋਲੀਕਾਂਡ ਦੇ ਛੇਤੀ ਨਿਆਂ ਤੇ ਮੁੱਖ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲਿਆਂ ਦੀ ਕਾਂਗਰਸ 'ਚ ਗਿਣਤੀ ਲਗਾਤਾਰ ਵਧ ਰਹੀ ਹੈ | ਜਿਥੇ ਨਵਜੋਤ ਸਿੱਧੂ ਤੋਂ ਬਾਅਦ ਪ੍ਰਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਕਾਰਵਾਈ 'ਚ ਦੇਰੀ ਕਾਰਨ ਅਪਣੀ ਨਾਰਾਜ਼ਗੀ ਮੁੱਖ ਮੰਤਰੀ ਕੋਲ ਪ੍ਰਗਟ ਕਰ ਚੁੱਕੇ ਹਨ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤਾਂ ਕੁੱਝ ਜ਼ਿਆਦਾ ਹੀ ਤਿੱਖੇ ਤੇਵਰ ਵਿਖਾ ਰਹੇ ਹਨ, ਉਥੇ ਹੁਣ ਦਲਿਤ ਤੇ ਪਿਛੜੇ ਵਰਗ ਨਾਲ ਸਬੰਧਤ ਵਿਧਾਇਕਾਂ ਦੀ ਲਾਮਬੰਦੀ ਵੀ ਸ਼ੁਰੂ ਹੋ ਚੁੱਕੀ ਹੈ |
ਅੱਜ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਨਾ ਚੌਧਰੀ ਨੇ 10 ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ | ਭਾਵੇਂ ਇਸ ਮੀਟਿੰਗ ਨੂੰ ਦਲਿਤ ਮੰਗਾਂ ਦੇ ਸਬੰਧ 'ਚ ਕੀਤੀ ਕਿਹਾ ਜਾ ਰਿਹਾ ਹੈ ਪਰ ਇਸ ਸਮੇਂ ਇਹ ਮੀਟਿੰਗ ਕਰਨ ਨਾਲ ਕਈ ਸਵਾਲ ਪੈਦਾ ਹੁੰਦੇ ਹਨ | ਇਸ ਮੀਟਿੰਗ 'ਚ ਚੰਨੀ ਤੇ ਚੌਧਰੀ ਤੋਂ ਇਲਾਵਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਬਲਵਿੰਦਰ ਸਿੰਘ ਲਾਡੀ, ਸੰਗਤ ਸਿੰਘ ਗਿਲਜੀਆਂ, ਹਰਜੋਤ ਕਮਲ, ਜੋਗਿੰਦਰ ਪਾਲ ਆਦਿ ਸ਼ਾਮਲ ਸਨ | ਭਾਵੇਂ ਮੀਟਿੰਗ 'ਚ ਸ਼ਾਮਲ ਵਿਧਾਇਕ ਅੰਦਰ ਦੀ ਕਾਰਵਾਈ ਬਾਰੇ ਕੁੱਝ ਵੀ ਖੁਲ੍ਹ ਕੇ ਦੱਸਣ ਨੂੰ ਤਿਆਰ ਨਹੀਂ ਪਰ ਪਤਾ ਲੱਗਾ ਹੈ ਕਿ ਅਫ਼ਸਰਸ਼ਾਹੀ ਵਲੋਂ ਸੁਣਵਾਈ ਨਾ ਕਰਨ 'ਤੇ ਵੀ ਚਰਚਾ ਹੋਈ |
ਇਸ ਸਮੇਂ ਤਿੰਨ ਗਰੁੱਪ ਬਣ ਚੁੱਕੇ ਹਨ | ਇਕ ਪਾਸੇ ਅਮਰਿੰਦਰ ਸਿੰਘ ਹਨ, ਦੂਜੇ ਪਾਸੇ ਨਵਜੋਤ ਸਿੱਧੂ ਅਤੇ ਹੁਣ ਤੀਜਾ ਗਰੁੱਪ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਦਾ ਬਣ ਗਿਆ ਹੈ,
ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਬਿੱਟੂ ਵੀ ਸ਼ਾਮਲ ਹੋ ਚੁੱਕੇ ਹਨ | ਇਸ ਗਰੁੱਪ ਵਲ ਹੁਣ ਜ਼ਿਆਦਾ ਵਿਧਾਇਕ ਆ ਰਹੇ ਹਨ | ਇਹ ਗਰੁੱਪ ਟਕਸਾਲੀ ਕਾਂਗਰਸੀਆਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਿਹਾ ਹੈ |
ਨਾਰਾਜ਼ ਮੰਤਰੀ ਤੇ ਵਿਧਾਇਕ ਕੋਟਕਪੂਰਾ ਗੋਲੀਕਾਂਡ 'ਚ ਬਾਦਲਾਂ ਨੂੰ ਇਕ ਮਹੀਨੇ ਅੰਦਰ ਸਲਾਖਾਂ ਪਿਛੇ ਵੇਖਣਾ ਚਾਹੁੰਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਵਿਰੁਧ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਸਿਆਸੀ ਲੜਾਈ ਹੈ ਬਲਕਿ ਗੁਰੂ ਦੇ ਇਨਸਾਫ਼ ਦੀ ਲੜਾਈ ਹੈ, ਇਹ ਤਾਂ ਮੁੱਖ ਮੰਤਰੀ ਨੂੰ ਦੇਣਾ ਹੀ ਪਵੇਗਾ ਕਿਉਂਕਿ ਉਨ੍ਹਾਂ ਹੱਥ 'ਚ ਗੁਟਕਾ ਫੜ ਕੇ ਵਾਅਦਾ ਕੀਤਾ ਸੀ | ਨਹੀਂ ਤਾਂ ਅਸੀਂ ਲੋਕਾਂ 'ਚ ਵੋਟਾਂ ਮੰਗਣ ਜੋਗੇ ਨਹੀਂ ਰਹਾਂਗੇ | ਇਹੋ ਚਿੰਤਾ ਸੱਭ ਕਾਂਗਰਸੀਆਂ ਦੀ ਇਸ ਸਮੇਂ ਹੈ |
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਦੇ ਖ਼ੁਦ ਯਤਨ ਸ਼ੁਰੂ ਕਰ ਦਿਤੇ ਹਨ | ਅੱਜ ਉਨ੍ਹਾਂ ਨੇ ਮੰਤਰੀਆਂ ਰੰਧਾਵਾ, ਚੰਨੀ ਤੇ ਕਾਂਗੜ ਨੂੰ ਖ਼ੁਦ ਫ਼ੋਨ ਕੀਤੇ ਅਤੇ ਕਿਹਾ ਕਿ ਦੱਸੋ ਕੀ ਚਾਹੁੰਦੇ ਹੋ ਪਰ ਇਸ ਤਰ੍ਹਾਂ ਕਾਰਵਾਈਆਂ ਨਾ ਕਰੋ | ਹੁਣ ਸਾਰੀ ਸਥਿਤੀ 'ਚ ਇਸ ਸਮੇਂ ਕਾਂਗਰਸੀਆਂ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ 'ਤੇ ਵੀ ਲੱਗੀਆਂ ਹਨ ਕਿ ਉਹ ਮਾਮਲੇ 'ਚ ਕਦੋਂ ਦਖ਼ਲ ਦੇ ਕੇ ਕੀ ਹੱਲ ਕਰਦੀ ਹੈ |