
ਜੇਲ੍ਹ'' ਮੰਤਰੀ ਵਜੋਂ ਜ਼ੀਰਾ ਵਲੋਂ ਆਪਣੀ ਬਹੁਤ ਥੋੜ੍ਹੀ ਮਿਆਦ ਵਿਚ ਕੀਤੇ ਗਏ ਅਸਰਦਾਰ ਕੰਮ ਅਜੇ ਵੀ ਲੋਕਾਂ ਦੇ ਚੇਤਿਆਂ ਵਿਚ ਵਸੇ ਹੋਏ''
ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉੱਘੇ ਕਾਂਗਰਸੀ ਆਗੂ ਅਤੇ ਸੂਬੇ ਦੇ ਰਹਿ ਚੁੱਕੇ ਰਾਜ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੀ ਅਕਾਲ ਚਲਾਣੇ ਉੱਤੇ ਡੂੰਘੇ ਅਫ਼ਸੋਸ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜ਼ੀਰਾ ਦੇ ਸਦੀਵੀ ਵਿਛੋੜੇ ਨਾਲ ਪੰਜਾਬ ਨੇ ਲੋਕ ਹਿੱਤਾਂ ਨੂੰ ਪ੍ਰਣਾਇਆ ਹੋਇਆ ਧੜਲੇਦਾਰ ਆਗੂ ਅਤੇ ਇੱਕ ਨੇਕ ਦਿਲ ਇਨਸਾਨ ਗੁਆ ਲਿਆ ਹੈ।
post
ਬਾਜਵਾ ਨੇ ਕਿਹਾ ਕਿ ਸਰਦਾਰ ਇੰਦਰਜੀਤ ਸਿੰਘ ਜ਼ੀਰਾ ਦ੍ਰਿੜ ਇਰਾਦੇ, ਬੇਮਿਸਾਲ ਜ਼ੁਰੱਅਤ ਅਤੇ ਕਮਾਲ ਦੀ ਇੱਛਾ ਸ਼ਕਤੀ ਵਾਲੇ ਉਹ ਆਗੂ ਸਨ ਜਿਨ੍ਹਾਂ ਨੇ ਸਾਰੀ ਉਮਰ ਲੋਕਾਂ ਦੀ ਨੇਕ ਨੀਤੀ ਨਾਲ ਸੇਵਾ ਕੀਤੀ। ਉਹਨਾਂ ਕਿਹਾ ਕਿ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਜੇਲ੍ਹ ਮੰਤਰੀ ਵਜੋਂ ਜ਼ੀਰਾ ਵਲੋਂ ਆਪਣੀ ਬਹੁਤ ਥੋੜ੍ਹੀ ਮਿਆਦ ਵਿਚ ਕੀਤੇ ਗਏ ਅਸਰਦਾਰ ਕੰਮ ਅਜੇ ਵੀ ਲੋਕਾਂ ਦੇ ਚੇਤਿਆਂ ਵਿਚ ਵਸੇ ਹੋਏ ਹਨ।
Inderjit Singh Jira
ਪੰਚਾਇਤ ਮੰਤਰੀ ਨੇ ਜ਼ੀਰਾ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਰਹੂਮ ਇੰਦਰਜੀਤ ਸਿੰਘ ਦੇ ਸਦਾ ਲਈ ਤੁਰ ਜਾਣ ਨਾਲ ਉਹਨਾਂ ਨੂੰ ਵੀ ਨਿੱਜੀ ਘਾਟਾ ਪਿਆ ਹੈ ਅਤੇ ਉਹ ਇੱਕ ਬਹੁਤ ਹੀ ਸੁਹਿਰਦ ਦੋਸਤ ਤੋਂ ਵਾਂਝੇ ਹੋ ਗਏ ਹਨ। ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਜ਼ੀਰਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਉਹਨਾਂ ਦੇ ਪਰਿਵਾਰ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
Tripat Bajwa