
'ਗੁਲਾਬੀ ਚਸ਼ਮੇ ਉਤਾਰੋ, ਨਦੀਆਂ ਵਿਚ ਰੁੜ੍ਹ ਰਹੀਆਂ ਹਨ ਅਣਗਿਣਤ ਲਾਸ਼ਾਂ
ਕਿਹਾ, ਸੈਂਟਰਲ ਵਿਸਟਾ ਦੇ ਇਲਾਵਾ ਕੁੱਝ ਦਿਸਦਾ ਹੀ ਨਹੀ
ਨਵੀਂ ਦਿੱਲੀ, 11 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਮਹਾਂਮਾਰੀ ਦੀ ਗੰਭੀਰ ਸਥਿਤੀ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ | ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਪਣੇ ਉਸ ਗੁਲਾਬੀ ਚਸ਼ਮੇ ਨੂੰ ਉਤਾਰ ਦੇਣਾ ਚਾਹੀਦਾ ਹੈ ਜਿਸ ਨਾਲ 'ਸੈਂਟਰਲ ਵਿਸਟਾ' ਪ੍ਰਾਜੈਕਟ ਦੇ ਇਲਾਵਾ ਉਨ੍ਹਾਂ ਨੂੰ ਕੁੱਝ ਹੋਰ ਦਿਸਦਾ ਹੀ ਨਹੀਂ |
ਰਾਹੁਲ ਨੇ ਟਵੀਟ ਕਰ ਕੇ ਕਿਹਾ,''ਨਦੀਆਂ 'ਚ ਰੁੜ੍ਹਦੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ 'ਚ ਲੰਮੀਆਂ ਲਾਈਨਾਂ ਤਕ, ਜੀਵਨ ਸੁਰੱਖਿਆ ਦਾ ਖੋਹਿਆ ਹੱਕ! ਪੀ.ਐਮ. ਉਹ ਗੁਲਾਬੀ ਚਸ਼ਮਾ ਉਤਾਰੋ, ਜਿਸ ਨਾਲ ਸੈਂਟਰਲ ਵਿਸਟਾ ਤੋਂ ਇਲਾਵਾ ਕੁੱਝ ਦਿਸਦਾ ਨਹੀਂ |'
ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਦੇ ਇਸ ਮੁਸ਼ਕਲ ਸਮੇਂ 'ਚ ਇਕ-ਦੂਜੇ ਦੀ ਮਦਦ ਕਰਨ | ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿਰੁਧ ਲੜਾਈ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ 'ਸਪੀਕਅਪ ਟੂ ਸੇਵ ਲਾਈਵਜ਼' ਦੇ ਅਧੀਨ ਲੋਕਾਂ ਨੂੰ ਇਸ ਸਮੇਂ ਇਕਜੁਟ ਹੋਣ ਦੀ ਅਪੀਲ ਕੀਤੀ |
ਇਸ ਤੋਂ ਇਲਾਵਾ ਕਾਂਗਰਸ ਨੇਤਾ ਨੇ ਇਕ ਮਿੰਟ ਦਾ ਵੀਡੀਉ ਸਾਂਝਾ ਕੀਤਾ, ਜਿਸ 'ਚ ਦਿਖਾਇਆ ਗਿਆ ਹੈ ਕਿ ਆਕਸੀਜਨ, ਵੈਂਟੀਲੇਟਰ, ਆਈ.ਸੀ.ਯੂ. ਬੈੱਡ ਅਤੇ ਟੀਕੇ ਦੀ ਕਮੀ ਹੈ ਅਤੇ ਲੋਕ ਇਨ੍ਹਾਂ ਲਈ ਸੰਘਰਸ਼ ਕਰ ਰਹੇ ਹਨ | ਰਾਹੁਲ ਨੇ ਟਵੀਟ ਕੀਤਾ,''ਸਾਡੇ ਦੇਸ਼ ਨੂੰ ਇਸ ਮੁਸ਼ਕਲ ਸਮੇਂ 'ਚ ਮਦਦਗਾਰ ਹੱਥਾਂ ਦੀ ਜ਼ਰੂਰਤ ਹੈ | ਚੱਲੋ ਅਸੀਂ ਲੋਕਾਂ ਦਾ ਜੀਵਨ ਬਚਾਉਣ ਲਈ ਅਪਣੇ ਹਿੱਸੇ ਦਾ ਯੋਗਦਾਨ ਦੇਈਏ | ਇਸ ਮੁਹਿੰਮ ਨਾਲ ਜੁੜੀਏ ਅਤੇ ਕੋਰੋਨਾ ਵਿਰੁਧ ਲੜਾਈ ਨੂੰ ਮਜਬੂਤ ਕਰੀਏ |'' ਕਾਂਗਰਸ ਨੇ ਕੋਰੋਨਾ ਆਫ਼ਤ 'ਚ ਲੋਕਾਂ ਦੀ ਮਦਦ ਲਈ ਅਪਣੇ ਰਾਸ਼ਟਰੀ ਦਫ਼ਤਰ ਅਤੇ ਪ੍ਰਦੇਸ਼ ਇਕਾਈਆਂ ਦੇ ਦਫ਼ਤਰਾਂ 'ਚ ਵੀ ਕੰਟਰੋਲ ਰੂਮ ਸਥਾਪਤ ਕੀਤੇ ਹਨ | ਪਾਰਟੀ ਦੀ ਯੂਥ ਇਕਾਈ ਭਾਰਤੀ ਯੂਥ ਕਾਂਗਰਸ ਵੀ ਸੋਸ਼ਲ ਮੀਡੀਆ ਅਤੇ ਫ਼ੋਨ ਦੇ ਮਾਧਿਅਮਾਂ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ | (ਏਜੰਸੀ)