
'ਆਪ' ਦੇ ਮੰਤਰੀ, ਵਿਧਾਇਕ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਚਹੇਤਿਆਂ ਦੀ ਕਰ ਰਹੇ ਨਿਯੁਕਤੀ
- ਕੇਜਰੀਵਾਲ ਦੀਆਂ ਕਥਨੀ -ਕਰਨੀ ਇੱਕ ਹੈ ਤਾਂ ਅਜਿਹੇ ਮੰਤਰੀ ਤੇ ਵਿਧਾਇਕਾਂ ਖਿਲਾਫ਼ ਕਰੋ ਕਾਰਵਾਈ
ਚੰਡੀਗੜ੍ਹ - ਭ੍ਰਿਸ਼ਟਾਚਾਰ ਸਿਰਫ਼ ਪੈਸੇ ਲੈ ਕੇ ਹੀ ਨਹੀਂ ਹੁੰਦਾ, ਸਗੋਂ ਨਿਯੁਕਤੀਆਂ ਜਾਂ ਪੋਸਟਾਂ 'ਚ ਪੱਖਪਾਤ ਕਰਨਾ, ਲਾਬਿੰਗ ਕਰਕੇ ਸੀਨੀਆਰਤਾ ਨੂੰ ਦਰਕਿਨਾਰ ਕਰਕੇ ਆਪਣੇ ਚਹੇਤਿਆਂ ਨੂੰ ਨਿਯੁਕਤ ਕਰਨਾ, ਮੈਰਿਟ ਨੂੰ ਦਰਕਿਨਾਰ ਕਰਕੇ ਕਿਸੇ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਨਾ ਆਦਿ ਨੂੰ ਵੀ ਭ੍ਰਿਸ਼ਟਾਚਾਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਦੋਸ਼ੀ ਹਨ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
Bram Shanker Jimpa
ਸਿਹਤ ਸੇਵਾਵਾਂ 'ਤੇ ਆਮ ਆਦਮੀ ਪਾਰਟੀ ਦਾ ਵਿਸ਼ੇਸ਼ ਧਿਆਨ ਹੈ। ਦਿੱਲੀ ਦਾ ਸਿਹਤ ਮਾਡਲ ਪੰਜਾਬ 'ਚ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਐਮਓਯੂ ਸਾਈਨ ਕੀਤਾ ਹੈ ਅਤੇ ਦੂਜੇ ਪਾਸੇ ਮੰਤਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵਿਭਾਗ ਵਿੱਚ ਜ਼ਿਲ੍ਹੇ ਦੇ ਸਿਵਲ ਸਰਜਨ ਵਰਗੀਆਂ ਅਹਿਮ ਅਸਾਮੀਆਂ ’ਤੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਸੇਵਾ ਨਿਭਾਅ ਰਹੇ 17 ਸੀਨੀਅਰ ਵਿਅਕਤੀਆਂ ਨੂੰ ਦਰਕਿਨਾਰ ਕਰਕੇ ਆਪਣੇ ਚਹੇਤੇ ਜੂਨੀਅਰ ਅਫ਼ਸਰ ਦੀ ਨਾ ਸਿਰਫ਼ ਨਿਯੁਕਤੀ ਕਰ ਦਿੱਤੀ, ਸਗੋਂ ਚਾਰਜ ਸੰਭਾਲਣ ਸਮੇਂ ਉੱਥੇ ਖੁਦ ਵੀ ਮੌਜੂਦ ਰਹੇ ਤਾਂ ਕਿ ਕੋਈ ਵੀ ਸੀਨੀਅਰ ਅਧਿਕਾਰੀ ਜ਼ੁਬਾਨ ਨਾ ਖੋਲ੍ਹ ਸਕੇ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਅਤੇ ਮਾਨਸਾ ਦੇ ਸਿਵਲ ਸਰਜਨ ਸੇਵਾਮੁਕਤ ਹੋ ਗਏ ਸਨ। ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਜਦੋਂ ਤੱਕ ਸੂਬੇ ਭਰ ਵਿੱਚ ਮੈਰਿਟ/ਸੀਨੀਆਰਤਾ ਦੇ ਆਧਾਰ 'ਤੇ ਸਿਵਲ ਸਰਜਨ ਦਾ ਨਾਮ ਫਾਇਨਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਿਹਤ ਵਿਭਾਗ ਉਸੇ ਜ਼ਿਲ੍ਹੇ 'ਚ ਕੰਮ ਕਰਦੇ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਦਿੰਦਾ ਹੈ। ਅਜਿਹਾ ਹੀ ਹੁਸ਼ਿਆਰਪੁਰ 'ਚ ਵੀ ਕੀਤਾ। ਉਨ੍ਹਾਂ ਨੇ ਸੱਭ ਤੋਂ ਸੀਨੀਅਰ ਡਾਕਟਰ ਪਵਨ ਕੁਮਾਰ, ਜੋ ਸਹਾਇਕ ਸਿਵਲ ਸਰਜਨ ਦੇ ਅਹੁਦੇ 'ਤੇ ਤਾਇਨਾਤ ਹਨ, ਨੂੰ ਸਿਵਲ ਸਰਜਨ ਦਾ ਵਾਧੂ ਚਾਰਜ 29/4/2022 ਨੂੰ ਦੇ ਦਿੱਤਾ, ਪਰ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੂੰ ਇਹ ਗੱਲ ਹਜ਼ਮ ਨਾ ਹੋਈ।
ਉਨ੍ਹਾਂ ਨੇ ਅਗਲੇ ਹੀ ਦਿਨ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਇਕ ਜੂਨੀਅਰ ਅਧਿਕਾਰੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਨੂੰ ਸਿਵਲ ਸਰਜਨ ਦਾ ਚਾਰਜ ਦੇ ਦਿੱਤਾ ਅਤੇ ਪੱਤਰਕਾਰਾਂ ਨੂੰ ਬੜੇ ਮਾਣ ਨਾਲ ਬਿਆਨ ਦਿੰਦਿਆਂ ਕਿਹਾ ਕਿ ਮੈਂ ਖ਼ੁਦ ਸਿਹਤ ਮੰਤਰੀ ਕੋਲ ਜਾ ਕੇ ਉਨ੍ਹਾਂ ਤੋਂ ਚਾਰਜ ਦਿਵਾਇਆ ਹੈ। ਕੁਝ ਦਿਨ ਪਹਿਲਾਂ ਗੜ੍ਹਸ਼ੰਕਰ ਤੋਂ 'ਆਪ' ਵਿਧਾਇਕ 'ਤੇ ਇਕ ਸਰਕਾਰੀ ਅਧਿਕਾਰੀ ਦੀ ਬਦਲੀ ਦੇ ਬਦਲੇ 5 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਸਰਕਾਰ ਦੀ ਐਂਟੀ ਕਰੱਪਸ਼ਨ ਹੈਲਪ ਲਾਈਨ 'ਤੇ ਇਕ ਸਾਬਕਾ ਅਧਿਕਾਰੀ ਸ਼ਿਕਾਇਤ ਕਰ ਚੁੱਕਾ ਹੈ।
ਜੋਸ਼ੀ ਨੇ ਕਿਹਾ ਕਿ ਇਸ ਸਭ ਕੁਝ ਤੋਂ ਸਾਬਤ ਹੋ ਗਿਆ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਰਹਿੰਦੇ ਹੋਏ ਅਫ਼ਸਰਾਂ ਦੀ ਨਿਯੁਕਤੀ ਮੈਰਿਟ 'ਤੇ ਕਰਨ ਦੀ ਗੱਲ ਕਰਦੀ ਸੀ ਅਤੇ ਅੱਜ ਜਦੋਂ ਪੰਜਾਬ 'ਚ 'ਆਪ' ਦੀ ਸਰਕਾਰ ਹੈ ਤਾਂ ਅਫ਼ਸਰਾਂ ਦੀ ਨਿਯੁਕਤੀ 'ਆਪ' ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਇੱਛਾ ਅਨੁਸਾਰ ਹੋ ਰਹੀ ਹੈ। ਜੋਸ਼ੀ ਨੇ ਆਖਰ 'ਚ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਕਰਨੀ ਅਤੇ ਕਥਨੀ ਇੱਕ ਹੈ ਤਾਂ ਅਜਿਹੇ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।