
ਜੋਤੀ ਯਾਰਾਜੀ ਤੋੜਿਆ 20 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ
ਨਵੀਂ ਦਿੱਲੀ, 11 ਮਈ : ਜੋਤੀ ਯਾਰਾਜੀ ਨੇ ਸਾਈਪ੍ਰਸ ’ਚ ਚਲ ਰਹੀ ਇੰਟਰਨੈਸ਼ਨਲ ਐਥਲੈਟਿਕਸ ਮੀਟ ’ਚ 100 ਮੀਟਰ ਅੜਿੱਕਾ ਦੌੜ ’ਚ 13.23 ਸਕਿੰਟ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਉਂਦੇ ਹੋਏ ਜਿੱਤ ਦਰਜ ਕੀਤੀ ਹੈ। ਆਂਧਰਾ ਦੀ 22 ਸਾਲਾ ਜੋਤੀ ਨੇ ਲਿਮਾਸੋਲ ’ਚ ਹੋਏ ਇਸ ਟੂਰਨਾਮੈਂਟ ’ਚ ਸੋਨ ਤਮਗ਼ਾ ਜਿੱਤਿਆ। ਇਕ ਮਹੀਨੇ ਪਹਿਲਾਂ ਹੀ ਹਵਾ ’ਚ ਜਾਇਜ਼ ਹੱਦ ਤੋਂ ਜ਼ਿਆਦਾ ਮਦਦ ਮਿਲਣ ਕਾਰਨ ਉਨ੍ਹਾਂ ਦੇ ਰਾਸ਼ਟਰੀ ਰਿਕਾਰਡ ਤੋੜਨ ਵਾਲੇ ਪ੍ਰਦਰਸ਼ਨ ਨੂੰ ਮਾਨਤਾ ਨਹੀਂ ਦਿਤੀ ਗਈ ਸੀ। ਪੁਰਾਣਾ ਰਿਕਾਰਡ ਅਨੁਰਾਧਾ ਬਿਸਬਾਲ ਦੇ ਨਾਂ ਸੀ ਜੋ ਉਨ੍ਹਾਂ 2002 ’ਚ 13.38 ਸਕਿੰਟ ’ਚ ਬਣਾਇਆ ਸੀ। ਸਾਈਪ੍ਰਸ ਇੰਟਰਨੈਸ਼ਨਲ ਮੀਟ ਵਿਸ਼ਵ ਐਥਲੈਟਿਕਸ ਉਪ-ਮਹਾਦੀਪੀ ਟੂਰ ਚੈਲੰਜਰਜ਼ ਵਰਗ ਡੀ ਦਾ ਟੂਰਨਾਮੈਂਟ ਹੈ। ਭੁਵਨੇਸ਼ਵਰ ’ਚ ਰਿਲਾਇੰਸ ਫ਼ਾਊਂਡੇਸ਼ਨ ਓਡੀਸ਼ਾ ਐਥਲੈਟਿਕਸ ਹਾਈ ਪਰਫ਼ਾਰਮੈਂਸ ਸੈਂਟਰ ’ਚ ਅਭਿਆਸ ਕਰਨ ਵਾਲੀ ਜੋਤੀ ਨੇ ਪਿਛਲੇ ਮਹੀਨੇ ਕੋਝਿਕੋਡ ’ਚ ਫ਼ੈਡਰੇਸ਼ਨ ਕੱਪ ’ਚ 13.09 ਸਕਿੰਟ ਦਾ ਸਮਾਂ ਕਢਿਆ ਸੀ ਪਰ ਹਵਾ ਦੀ ਰਫ਼ਤਾਰ ਪਲੱਸ 2.1 ਮੀਟਰ ਪ੍ਰਤੀ ਸਕਿੰਟ ਹੋਣ ਨਾਲ ਉਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਜਾਇਜ਼ ਹੱਦ ਪਲੱਸ 2.0 ਮੀਟਰ ਪ੍ਰਤੀ ਸਕਿੰਟ ਹੈ। ਜੋਤੀ ਨੇ 2020 ’ਚ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸ਼ਿਪ ’ਚ ਵੀ 13.03 ਸਕਿੰਟ ਦਾ ਸਮਾਂ ਕਢਿਆ ਸੀ ਪਰ ਉਸ ਨੂੰ ਨਾਜਾਇਜ਼ ਕਰਾਰ ਦਿਤਾ ਗਿਆ ਕਿਉਂਕਿ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਟੂਰਨਾਮੈਂਟ ’ਚ ਉਸ ਦੀ ਜਾਂਚ ਨਹੀਂ ਕੀਤੀ ਸੀ ਤੇ ਭਾਰਤੀ ਐਥਲੈਟਿਕਸ ਮਹਾਸੰਘ ਦਾ ਕੋਈ ਤਕਨੀਕੀ ਪ੍ਰਤੀਨਿਧੀ ਉਥੇ ਮੌਜੂਦ ਨਹੀਂ ਸੀ। ਪੁਰਸ਼ਾਂ ਦੀ 200 ਮੀਟਰ ਦੌੜ ’ਚ ਅਮਲਨ ਬੋਰਗੋਹੇਨ ਤੀਜੇ ਸਥਾਨ ’ਤੇ ਰਹੇ। ਜਦਕਿ ਲਿਲੀ ਦਾਸ ਨੇ ਮਹਿਲਾਵਾਂ ਦੀ 1500 ਮੀਟਰ ਦੌੜ ਜਿੱਤੀ। (ਏਜੰਸੀ)