ਪੁਲਿਸ ਅਧਿਕਾਰੀ ਆਪਣੇ ਖੇਤਰ ’ਚ ਨਸ਼ੇ ਨੂੰ ਠੱਲ੍ਹ ਪਾਉਣ 'ਚ ਕਿਸੇ ਤਰ੍ਹਾਂ ਦੀ ਢਿੱਲ ਲਈ ਆਪ ਜ਼ਿੰਮੇਵਾਰ ਹੋਣਗੇ: CM
Published : May 12, 2022, 7:22 pm IST
Updated : May 12, 2022, 7:26 pm IST
SHARE ARTICLE
Cm Meeting With Police Officers
Cm Meeting With Police Officers

 ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨਾਲੋਜੀ ਨੂੰ ਪ੍ਰਫੁੱਲਤ ਕਰਨ ਲਈ ਵਿਆਪਕ ਪੱਧਰ ਉਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਕਿਹਾ

 

ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਮੂਹ ਐਸ.ਐਸ.ਪੀਜ਼/ਪੁਲਿਸ ਕਮਿਸ਼ਨਰਾਂ ਨੂੰ ਡਰੱਗ ਮਾਫੀਆ ਚਲਾ ਰਹੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਵਾਸਤੇ ਸਾਂਝੀ ਕਾਰਵਾਈ ਵਿੱਢਣ ਲਈ ਨਸ਼ਾ ਵਿਰੋਧੀ ਟਾਸਕ ਫੋਰਸ (ਐਸ.ਟੀ.ਐਫ.) ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਦਿੱਤੇ। ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਨਸ਼ੇ ਦੀ ਸਪਲਾਈ ਦੀ ਕੋਈ ਵੀ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਲਈ ਸਿੱਧੇ ਤੌਰ ਉਤੇ ਸਬੰਧਤ ਐਸ.ਐਸ.ਪੀ. ਜਾਂ ਪੁਲਿਸ ਕਮਿਸ਼ਨਰ ਦੀ ਜੁਆਬਦੇਹੀ ਤੈਅ ਹੋਵੇਗੀ।

file photo

ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਸ਼ਿਆਂ ਦੀ ਤਸਕਰੀ ਬਾਰੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਕਿਸੇ ਵੀ ਕੀਮਤ 'ਤੇ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ ਇਸ ਦੀ ਸਪਲਾਈ ਲਾਈਨ ਨੂੰ ਤੋੜਨਾ ਪਵੇਗਾ। ਸੂਬੇ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਰਧਾਰਿਤ ਸਮੇਂ ਦੌਰਾਨ ਖਾਸ ਕਰਕੇ ਵਪਾਰਕ ਵਸੂਲੀ ਦੇ ਮਾਮਲਿਆਂ ਵਿੱਚ ਚਲਾਨ ਪੇਸ਼ ਨਾ ਹੋਣ ਕਾਰਨ ਜ਼ਮਾਨਤ ਹੋ ਜਾਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

file photo

ਨਸ਼ਾ ਤਸਕਰਾਂ ਨਾਲ ਘਿਓ-ਖਿਚੜੀ ਹੋਣ ਵਾਲੇ ਲੋਕਾਂ ਪ੍ਰਤੀ ਕੋਈ ਲਿਹਾਜ਼ ਨਾ ਵਰਤਦਿਆਂ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਸੂਰਵਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦੇਣ ਲਈ ਕਾਰਗਰ ਵਿਧੀ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਬਰਾਮਦਗੀ ਦੌਰਾਨ ਜ਼ਬਤ ਕੀਤੇ ਗਏ ਨਸ਼ਿਆਂ ਦੀ ਕੀਮਤ ਕੌਮਾਂਤਰੀ ਬਜ਼ਾਰ ਵਿੱਚ ਨਸ਼ਰ ਨਾ ਕਰਨ ਲਈ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਇਹ ਪ੍ਰਕਿਰਿਆ ਭੋਲੇ-ਭਾਲੇ ਲੋਕਾਂ ਨੂੰ ਛੇਤੀ ਪੈਸਾ ਕਮਾਉਣ ਲਈ ਆਕਰਸ਼ਿਤ ਕਰਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਮਾਤਰਾ, ਬਰਾਮਦਗੀ ਵਾਲੀ ਥਾਂ ਅਤੇ ਮੁਲਜ਼ਮਾਂ ਦੇ ਵੇਰਵਿਆਂ ਸਬੰਧੀ ਬਾਕੀ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ।

file photo

ਭਗਵੰਤ ਮਾਨ ਨੇ ਸਿਹਤ ਅਤੇ ਪੁਲਿਸ ਵਿਭਾਗਾਂ ਨੂੰ ਮਾਮੂਲੀ ਅਪਰਾਧੀਆਂ ਪ੍ਰਤੀ ਸੁਧਾਰਵਾਦੀ ਪਹੁੰਚ ਅਪਣਾਉਣ ਉਤੇ ਧਿਆਨ ਕੇਂਦਰਿਤ ਕਰਨ ਲਈ ਨੇੜਿਓਂ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਨਸ਼ੇ ਵਿਚ ਗ੍ਰਸਤ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ 5 ਤੋਂ 6 ਕਿਲੋਮੀਟਰ ਦੇ ਦਾਇਰੇ ਵਿੱਚ ਇਲਾਜ ਲਈ ਸੁਖਾਲੀ ਪਹੁੰਚ ਪ੍ਰਾਪਤ ਕਰਨ ਲਈ ਓ.ਓ.ਏ.ਟੀ. ਕਲੀਨਿਕਾਂ ਦੀ ਗਿਣਤੀ ਮੌਜੂਦਾ 208 ਤੋਂ ਵਧਾ ਕੇ ਤੁਰੰਤ 500 ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਸ਼ੇ ਦੀ ਅਲਾਮਤ ਨੂੰ ਤਿਆਗ ਚੁੱਕੇ ਨੌਜਵਾਨਾਂ ਦੀਆਂ ਸੇਵਾਵਾਂ ਲੈਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ, ਜਿਸ ਤਹਿਤ ਉਹ ਨਸ਼ੇ ਦੇ ਆਦੀ ਲੋਕਾਂ ਨਾਲ ਨਸ਼ੇ ਛੱਡਣ ਬਾਰੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਂਝਾ ਕਰਨਗੇ ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਮਦਦਗਾਰ ਸਾਬਤ ਹੋਵੇਗਾ।

file photo

ਉਨ੍ਹਾਂ ਡੀ.ਜੀ.ਪੀ. ਨੂੰ ਜਾਂਚ ਪ੍ਰਣਾਲੀ ਵੀ ਮਜ਼ਬੂਤ ਕਰਨ ਲਈ ਕਿਹਾ ਤਾਂ ਜੋ ਡਰੱਗ ਮਾਫੀਆ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਦਮ ਹੋਰਨਾਂ ਨੂੰ ਭਵਿੱਖ ਵਿੱਚ ਨਸ਼ਿਆਂ ਦੀ ਵਿਕਰੀ ਵਿੱਚ ਸ਼ਾਮਲ ਹੋਣ ਤੋਂ ਤੌਬਾ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਡਰੱਗ ਮਾਫੀਆ ਵਿੱਚ ਸ਼ਾਮਲ ਲੋਕਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਇਸ ਸਬੰਧੀ ਢਿੱਲੀ ਰਫ਼ਤਾਰ 'ਤੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਡੀ.ਜੀ.ਪੀ. ਨੂੰ ਹਰੇਕ ਮਹੀਨੇ ਜ਼ਬਤ ਕੀਤੀਆਂ ਜਾਇਦਾਦਾਂ ਦੀ ਪ੍ਰਗਤੀ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਅਤੇ ਉਸ ਅਨੁਸਾਰ ਉਨ੍ਹਾਂ ਨੂੰ ਜਾਣੂੰ ਕਰਵਾਉਂਦੇ ਰਹਿਣ ਲਈ ਕਿਹਾ।

ਨਸ਼ਿਆਂ ਦੀ ਰੋਕਥਾਮ ਦੇ ਕਦਮਾਂ ਵਜੋਂ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ/ਜ਼ਿਲ੍ਹਾ ਪੁਲਿਸ ਮੁਖੀਆਂ ਤੋਂ ਇਲਾਵਾ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼. ਵੱਲੋਂ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਖਾਸ ਕਰਕੇ ਵੱਧ ਪ੍ਰਭਾਵਿਤ ਪਿੰਡਾਂ ਦੇ ਨਿਰੰਤਰ ਦੌਰੇ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਪਿੰਡਾਂ ਤੇ ਵਾਰਡਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਦੇ ਨਾਲ-ਨਾਲ ਖੇਡ ਗਤੀਵਿਧੀਆਂ, ਟੂਰਨਾਮੈਂਟਾਂ ਅਤੇ ਯੁਵਕ ਮੇਲੇ ਕਰਵਾਉਣ ਲਈ ਉਪਰਾਲੇ ਤੇਜ਼ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਇਆ ਜਾ ਸਕੇ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ। ਲੋਕਾਂ ਵਿੱਚ ਭਰੋਸੇ ਦੀ ਭਾਵਨਾ ਪੈਦਾ ਕਰਨ ਲਈ ਹਰੇਕ ਜ਼ਿਲ੍ਹੇ ਵਿਚ ਨਸ਼ਾ ਮੁਕਤ ਪਿੰਡ ਐਲਾਨਿਆ ਜਾਣਾ ਚਾਹੀਦਾ ਹੈ।

CM Bhagwant MannCM Bhagwant Mann

ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ 'ਤੇ ਚੱਲਦਿਆਂ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ।

ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ ਜਿਸ ਬਾਰੇ ਇਸ ਨੂੰ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ ਜੋ ਅਕਸਰ ਨੌਜਵਾਨਾਂ ਖਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਤਾਂ ਉਨ੍ਹਾਂ ਨੂੰ ਅਜਿਹੇ ਰੁਝਾਨ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕਰਦੇ ਹਾਂ, ਨਹੀਂ ਤਾਂ ਸਰਕਾਰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

ਇਸ ਉਪਰੰਤ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਬਚਾਇਆ ਜਾ ਸਕੇ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਅਤੇ ਬਾਸਮਤੀ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਜਿਸ ਨਾਲ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ।

Bhagwant Mann Bhagwant Mann

ਸੂਬੇ ਭਰ ਦੇ ਲੋਕਾਂ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਨਿਵੇਕਲੀ ਪਹਿਲਕਦਮੀ ਨੂੰ ਸਾਂਝਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਦੇ ਵਿਸਥਾਰ ਵਜੋਂ ਹਰ ਵਿਧਾਨ ਸਭਾ ਹਲਕੇ ਵਿੱਚ ਜਲਦ ਹੀ ਇੱਕ ਸਮਰਪਿਤ ਦਫ਼ਤਰ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਉਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ਜਿਹਨਾਂ ਨੂੰ ਤੁਰੰਤ ਅੰਤਰ-ਵਿਭਾਗੀ ਦਖਲ ਦੀ ਜ਼ਰੂਰਤ ਹੁੰਦੀ ਹੈ। ਇਹ 'ਤੁਹਾਡੀ ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਲੋਕਾਂ ਨੂੰ ਉਨ੍ਹਾਂ ਦੇ ਉਲਝੇ ਹੋਏ ਕਈ ਮੁੱਦਿਆਂ ਨੂੰ ਉਨ੍ਹਾਂ ਦੀ ਸੰਤੁਸ਼ਟੀ ਮੁਤਾਬਕ ਤੁਰੰਤ ਹੱਲ ਕਰਨ ਵਿੱਚ ਮਦਦ ਕਰੇਗਾ।

ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਡੀ.ਜੀ.ਪੀ. ਵੀ.ਕੇ. ਭਾਵਰਾ, ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ, ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੱਧੂ ਅਤੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement