
ਥੋਕ ਮਹਿੰਗਾਈ ਦੇ 18 ਮਹੀਨਿਆਂ ਦੇ ਉਚ ਪੱਧਰ ’ਤੇ ਪਹੁੰਚਣ ਦਾ ਅਨੁਮਾਨ
ਨਵੀਂ ਦਿੱਲੀ, 11 ਮਈ : ਦੇਸ਼ ’ਚ ਮਹਿੰਗਾਈ ਉੱਚ ਪੱਧਰ ’ਤੇ ਬਣੀ ਹੋਈ ਹੈ। ਇਕ ਪੋਲ ਮੁਤਾਬਕ ਭਾਰਤ ’ਚ ਥੋਕ ਮਹਿੰਗਾਈ ਅਪ੍ਰੈਲ ’ਚ 18 ਮਹੀਨਿਆਂ ਦੇ ਉੱਚ ਪੱਧਰ ’ਤੇ ਰਹਿ ਸਕਦੀ ਹੈ। ਈਂਧਨ ਅਤੇ ਖਾਣ-ਪੀਣ ਦੀਆਂ ਵਧਦੀਆਂ ਕੀਮਤਾਂ ਮਹਿੰਗਾਈ ਨੂੰ ਲਗਾਤਾਰ ਵਧਾ ਰਹੀਆਂ ਹਨ। ਲਗਾਤਾਰ ਚੌਥੇ ਮਹੀਨੇ ਰਿਜ਼ਰਵ ਬੈਂਕ ਦੀ ਉਪਰੀ ਲਿਮਟ ਤੋਂ ਉੱਪਰ ਮਹਿੰਗਾਈ ਬਣੀ ਹੋਈ ਹੈ।
ਦੇਸ਼ ’ਚ 5 ਪ੍ਰਮੁੱਖ ਸੂਬਿਆਂ ’ਚ ਚੋਣਾਂ ਕਾਰਨ ਸਰਕਾਰ ਨੇ ਈਂਧਨ ਦੀਆਂ ਕੀਮਤਾਂ ’ਚ ਵਾਧੇ ਨੂੰ ਰੋਕੀ ਰਖਿਆ ਸੀ। ਮਾਰਚ ਤੋਂ ਬਾਅਦ ਪੈਟਰੋਲ-ਡੀਜ਼ਲ ਦੇ ਰੇਟ ਵਧਣ ਦਾ ਅਨੁਮਾਨ ਸੀ। ਲਿਹਾਜ਼ਾ ਮਹਿੰਗਾਈ ਵਧਣ ਲੱਗੀ। ਉਥੇ ਹੀ ਫ਼ਰਵਰੀ ਦੇ ਅਖ਼ੀਰ ’ਚ ਯੂਕ੍ਰੇਨ-ਰੂਸ ਜੰਗ ਕਾਰਨ ਕੌਮਾਂਤਰੀ ਪੱਧਰ ’ਤੇ ਊਰਜੀ ਦੀਆਂ ਕੀਮਤਾਂ ਵਧ ਗਈਆਂ ਹਨ।
ਭੋਜਨ ਮਹਿੰਗਾਈ, ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਬਾਸਕੇਟ ਦਾ ਲਗਭਗ ਅੱਧਾ ਹਿੱਸਾ ਹੈ, ਮਾਰਚ ’ਚ ਇਹ ਕਈ ਮਹੀਨਿਆਂ ਦੇ ਉਚ ਪੱਧਰ ’ਤੇ ਪਹੁੰਚ ਗਿਆ ਹੈ। ਕੌਮਾਂਤਰੀ ਪੱਧਰ ’ਤੇ ਸਬਜ਼ੀ ਅਤੇ ਖਾਣ ਪਕਾਉਣ ਵਾਲੇ ਤੇਲ ਦੀਆਂ ਕੀਮਤਾਂ ’ਚ ਵਾਧੇ ਕਾਰਨ ਇਸ ਦੇ ਉਚੇ ਰਹਿਣ ਦੀ ਉਮੀਦ ਹੈ। ਇਨ੍ਹਾਂ ਕਈ ਕਾਰਨਾਂ ਨੇ ਏਸ਼ੀਆ ਦੀ ਤੀਜੀ ਵੱਡੀ ਅਰਥਵਿਵਸਥਾ ’ਚ ਮਹਿੰਗਾਈ ਨੂੰ ਅਪ੍ਰੈਲ ’ਚ 7.5 ਫ਼ੀ ਸਦੀ ’ਤੇ ਪਹੁੰਚਾ ਦਿਤਾ ਹੈ। 45 ਅਰਥਸ਼ਾਸਤਰੀਆਂ ਦੇ 5-9 ਮਈ ਦੇ ਪੋਲ ’ਚ ਇਹ ਅਨੁਮਾਨ ਪ੍ਰਗਟਾਇਆ ਗਿਆ ਹੈ।
ਅਕਤੂਬਰ 2020 ਤੋਂ ਬਾਅਦ ਇਹ ਉਚ ਮਹਿੰਗਾਈ ਦਰ ਹੈ ਅਤੇ ਆਰ. ਬੀ. ਆਈ. ਦੇ ਉਪਰਲੀ ਲਿਮਟ 6 ਫ਼ੀ ਸਦੀ ਤੋਂ ਉੱਪਰ ਬਣੀ ਹੋਈ ਹੈ। 12 ਮਈ ਨੂੰ ਜਾਰੀ ਹੋਣ ਵਾਲੇ ਡਾਟਾ ਦੇ ਅਨੁਮਾਨ ਮੁਤਾਬਕ ਮਹਿੰਗਾਈ 7.0 ਅਤੇ 7.85 ਫ਼ੀ ਸਦੀ ਦਰਮਿਆਨ ਰਹਿ ਸਕਦੀ ਹੈ। ਉਥੇ ਹੀ ਰਿਜ਼ਰਵ ਬੈਂਕ ਦੀ ਮਹਿੰਗਾਈ ਦੀ ਉਪਰਲੀ ਲਿਮਟ 6 ਫ਼ੀ ਸਦੀ ਹੈ। ਯਾਨੀ ਉੱਪਰਲੀ ਲਿਮਟ ਤੋਂ ਮਹਿੰਗਾਈ ਕਾਫੀ ਉਪਰ ਚੱਲ ਰਹੀ ਹੈ।
ਕੈਪੀਟਲ ਇਕਨੋਮਿਕਸ ਦੇ ਸੀਨੀਅਰ ਅਰਥਸ਼ਾਸਤਰੀ ਸ਼ਿਲਨ ਸ਼ਾਹ ਨੇ ਕਿਹਾ ਕਿ ਉੱਚੀ ਫ਼ੂਡ ਅਤੇ ਈਂਧਨ ਕੀਮਤ ਕਾਰਨ ਅਪ੍ਰੈਲ ’ਚ ਸੀ. ਪੀ. ਆਈ. ਮਹਿੰਗਾਈ ਉੱਚ ਪੱਧਰ ’ਤੇ ਬਣੀ ਹੋਈ ਹੈ। ਜੇ ਕੋਰ ਮਹਿੰਗਾਈ ਵੀ ਵਧਦੀ ਹੈ ਤਾਂ ਸਾਨੂੰ ਹੈਰਾਨੀ ਨਹੀਂ ਹੋਵੇਗੀ। ਖ਼ਤਰਾ ਇਹ ਹੈ ਕਿ ਜੇ ਮਹਿੰਗਾਈ ਲਗਾਤਾਰ ਉੱਪਰ ਬਣੀ ਰਹਿੰਦੀ ਹੈ ਤਾਂ ਇਹ ਕੋਰ ਮਹਿੰਗਾਈ ਨੂੰ ਵੀ ਉਪਰ ਲੈ ਕੇ ਜਾਏਗੀ ਜੋ ਅਰਥਵਿਵਸਥਾ ਲਈ ਠੀਕ ਨਹੀਂ ਹੈ। ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਸਥਿਤੀ ਨੂੰ ਜ਼ਿਆਦਾ ਖ਼ਰਾਬ ਕਰ ਰਹੀਆਂ ਹਨ। ਭਾਰਤ ਦੀ ਦਰਾਮਦ ’ਚ ਇਸ ਦਾ ਵੱਡਾ ਹਿੱਸਾ ਹੈ ਅਤੇ ਇਸ ਕਾਰਨ ਰੁਪਏ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। (ਏਜੰਸੀ)