
ਜ਼ਿਲ੍ਹੇ ਦੇ ਪਿੰਡ ਪ੍ਰੇਮ ਕੋਟਲੀ ਨੂੰ ਮੁੜ ਕੋਟਲੀ ਖ਼ੁਰਦ ਬਣਾਉਣ ਦਾ ਮਾਮਲਾ ਮੁੜ ਭਖ ਗਿਆ ਹੈ। ਪਿੰਡ ਦੇ ਸਰਪੰਚ ਵਲੋਂ ਗ੍ਰਾਮ ਸਭਾ ਦਾ.......
ਬਠਿੰਡਾ, ਜ਼ਿਲ੍ਹੇ ਦੇ ਪਿੰਡ ਪ੍ਰੇਮ ਕੋਟਲੀ ਨੂੰ ਮੁੜ ਕੋਟਲੀ ਖ਼ੁਰਦ ਬਣਾਉਣ ਦਾ ਮਾਮਲਾ ਮੁੜ ਭਖ ਗਿਆ ਹੈ। ਪਿੰਡ ਦੇ ਸਰਪੰਚ ਵਲੋਂ ਗ੍ਰਾਮ ਸਭਾ ਦਾ ਜਨਰਲ ਇਜਲਾਸ ਨਾ ਸੱਦਣ ਤੋਂ ਦੁਖੀ ਪਿੰਡ ਵਾਸੀਆਂ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਅਲਟੀਮੇਟਮ ਦਿੰਦੇ ਹੋਏ 15 ਜੂਨ ਤੋਂ ਬੀਡੀਪੀਓ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ ਕਰ ਦਿਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਲੰਮੇ ਸੰਘਰਸ਼ ਦੇ ਬਾਵਜੂਦ ਪ੍ਰਸ਼ਾਸਨ ਦੁਆਰਾ ਪਿੰਡ ਦੇ ਬਹੁਮਤ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਸ ਦੇ ਚਲਦੇ ਇਸ ਵਾਰ ਆਰ ਜਾਂ ਪਾਰ ਵਾਲਾ ਸੰਘਰਸ਼ ਕੀਤਾ ਜਾਵੇਗਾ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਗੁਰਚਰਨ ਸਿੰਘ ਖ਼ਾਲਸਾ, ਭੋਲਾ ਸਿੰਘ ਨੰਬਰਦਾਰ, ਹਮੀਰ ਸਿੰਘ, ਦਲਵਾਰਾ ਸਿੰਘ, ਸੁਖਚੈਨ ਸਿੰਘ, ਮਲਕੀਤ ਸਿੰਘ, ਭੂਰਾ ਸਿੰਘ, ਮੂਗਾ ਸਿੰਘ, ਗੁਰਸੰਗਤ ਸਿੰਘ, ਰਾਜਵਿੰਦਰ ਸਿੰਘ ਆਦਿ ਨੇ ਦਸਿਆ ਕਿ ਵੋਟਾਂ ਦੀ ਰਣਨੀਤੀ ਚਲਦੇ ਪਿੰਡ 'ਚ ਕੁੱਝ ਲੋਕਾਂ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ ਪਤਾ ਲੱਗਾ ਹੈ ਕਿ ਪਿੰਡ ਦੇ ਸਰਪੰਚ ਵਲੋਂ ਇਜਲਾਸ ਦੌਰਾਨ ਅਮਨ-ਸ਼ਾਂਤੀ ਭੰਗ ਹੋਣ ਦਾ ਖ਼ਤਰਾ ਪ੍ਰਗਟਾਇਆ ਜਾ ਰਿਹਾ। ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਨੇ ਬੀਡੀਪੀਓ ਨੂੰ ਤੁਰਤ ਪਿੰਡ ਵਾਸੀਆਂ ਦੀ ਮੰਗ 'ਤੇ ਗ੍ਰਾਮ ਸਭਾ ਦੇ ਜਨਰਲ ਇਜਲਾਸ ਬੁਲਾਉਣ ਲਈ ਕਿਹਾ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਉਹ ਨਿਯਮਾਂ ਤਹਿਤ ਇਜਲਾਸ ਰਾਹੀ ਪਿੰਡ ਦਾ ਨਾਮ ਬਦਲਣ ਬਾਰੇ ਜਾਰੀ ਹੋਏ ਨੋਟੀਫ਼ੀਕੇਸ਼ਨ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।