
ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਦੇ ਥਾਣਾ ਸਦਰ ਦੇ ਸਟੇਸ਼ਨ ਹਾਊਸ ਆਫ਼ੀਸਰ (ਐਸ.ਐਚ.ਓ) ਹਰਸੰਦੀਪ ਸਿੰਘ ਗਿੱਲ ਦੀ ਦੋ ਦਿਨ ਪਹਿਲਾਂ ਅਪਣੇ ਦੋ ਦੋਸਤਾਂ ਨਾਲ.....
ਪਟਿਆਲਾ, : ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਦੇ ਥਾਣਾ ਸਦਰ ਦੇ ਸਟੇਸ਼ਨ ਹਾਊਸ ਆਫ਼ੀਸਰ (ਐਸ.ਐਚ.ਓ) ਹਰਸੰਦੀਪ ਸਿੰਘ ਗਿੱਲ ਦੀ ਦੋ ਦਿਨ ਪਹਿਲਾਂ ਅਪਣੇ ਦੋ ਦੋਸਤਾਂ ਨਾਲ ਦੇਰ ਰਾਤ ਪਾਤੜਾਂ ਤੋਂ ਸਮਾਣਾ ਵਾਪਸ ਆਉਂਦਿਆਂ ਰਸਤੇ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ, ਦਾ ਅੱਜ ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਵੀਰ ਜੀ ਸਮਸ਼ਾਨਘਾਟ ਵਿਖੇ ਸਵੇਰੇ ਤਕਰੀਬਨ 11 ਵਜੇ ਸਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਮਰਹੂਮ ਸਬ-ਇੰਸਪੈਕਟਰ ਹਰਸੰਦੀਪ ਸਿੰਘ ਗਿੱਲ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨਾਂ ਲਈ ਰਾਜਿੰਦਰਾ ਹਸਪਤਾਲ ਦੀ ਮੌਰਚਰੀ ਵਿਚੋਂ ਉਨ੍ਹਾਂ ਦੀ ਸਥਾਨਕ ਰਿਹਾਇਸ਼ ਅਰਬਨ ਅਸਟੇਟ ਪਟਿਆਲਾ ਵਿਖੇ ਲਿਜਾਇਆ ਗਿਆ। ਇਸ ਤੋਂ ਕੁੱਝ ਹੀ ਸਮਾਂ ਬਾਅਦ ਉਨ੍ਹਾਂ ਦੀ ਅੰਤਮ ਯਾਤਰਾ ਸ਼ੁਰੂ ਹੋਈ ਜਿਸ ਵਿਚ ਸਥਾਨਕ ਸ਼ਹਿਰੀਆਂ ਤੋਂ ਇਲਾਵਾ ਉਨ੍ਹਾਂ ਦੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਚਾਹੁਣ ਵਾਲਿਆਂ ਸਮੇਤ ਪਟਿਆਲਾ ਜ਼ਿਲ੍ਹੇ ਨਾਲ ਲਗਦੇ ਹੋਰ ਕਈ ਜ਼ਿਲ੍ਹਿਆਂ ਅਤੇ ਸਥਾਨਕ ਪੁਲਿਸ ਅਫ਼ਸਰਾਂ, ਪੁਲਿਸ ਕਰਮਚਾਰੀਆਂ ਦੇ ਬਹੁਤ ਹੀ ਵਿਸ਼ਾਲ ਹਮਦਰਦ ਅਤੇ ਸੱਜਣ ਸੁਨੇਹੀ ਹਾਜ਼ਰੀ ਭਰ ਰਹੇ ਸੀ।
ਇਸ ਮੌਕੇ ਉਨ੍ਹਾਂ ਦੀ ਦੇਹ ਨੂੰ ਅਗਨੀ ਹਵਾਲੇ ਕਰਨ ਤੋਂ ਪਹਿਲਾਂ ਗਾਰਡ ਆਫ਼ ਆਨਰ ਪੇਸ਼ ਕਰਨ ਤੋਂ ਇਲਾਵਾ ਪੁਲਿਸ ਕਰਮੀਆਂ ਵਲੋਂ ਅਸਮਾਨੀ ਫ਼ਾਇਰਿੰਗ ਕਰ ਕੇ ਅੰਤਮ ਵਿਦਾਇਗੀ ਅਤੇ ਸਲਾਮੀ ਦਿਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੂਬੇ ਦੇ ਪੁਲਿਸ ਮੁਖੀ ਡੀ.ਜੀ.ਪੀ.ਸੁਰੇਸ਼ ਅਰੋੜਾ ਵੀ ਪਹੁੰਚੇ। ਇਸ ਗਮਗੀਨ ਅਤੇ ਭਾਵੁਕ ਮੌਕੇ 'ਤੇ ਹਾਜ਼ਰੀ ਭਰਨ ਵਾਲਿਆਂ ਵਿਚ ਆਈ. ਜੀ.ਪਟਿਆਲਾ ਅਮਰਦੀਪ ਸਿੰਘ ਗਿੱਲ, , ਡੀ.ਜੀ.ਪੀ. ਲਾਅ ਐਂਡ ਆਰਡਰ ਐਚ.ਐਸ. ਢਿੱਲੋਂ, ਆਈ. ਜੀ. ਅਮਰ ਸਿੰਘ ਚਾਹਲ, ਡੀ.ਜੀ.ਪੀ. ਰਿਟਾ: ਐਸ.ਐਸ. ਵਿਰਕ, ਪਟਿਆਲਾ ਦੇ ਐਸ.ਐਸ.ਪੀ. ਐਸ. ਭੂਪਤੀ,
ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ,ਐਸ.ਪੀ.ਡੀ. ਹਰਵਿੰਦਰ ਸਿੰਘ ਵਿਰਕ, ਐਸ.ਪੀ.ਸਿਟੀ.ਕੇਸਰ ਸਿੰਘ, ਐਸ.ਪੀ ਏ.ਐਸ.ਘੁੰਮਣ, ਡੀ.ਐਸ.ਪੀ.ਰਿਟਾ: ਨਾਹਰ ਸਿੰਘ ਮਾਜਰੀ ਵਗ਼ੈਰਾ ਪੁਲਿਸ ਅਫ਼ਸਰ ਅਤੇ ਸਥਾਨਕ ਪ੍ਰਸ਼ਾਸਨ ਦੇ ਅਨੇਕਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।