
ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ ਪੰਜਾਬ ਦੀ ਅੱਵਲ ਰਾਜ ਜਨਤਕ ਯੂਨੀਵਰਸਟੀ ਅਤੇ
ਚੰਡੀਗੜ੍ਹ, 11 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ ਪੰਜਾਬ ਦੀ ਅੱਵਲ ਰਾਜ ਜਨਤਕ ਯੂਨੀਵਰਸਟੀ ਅਤੇ ਐਨ.ਆਰ.ਆਈ.ਐਫ਼ ਰੈਂਕਿੰਗ-2020 ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਕੇਂਦਰੀ, ਜਨਤਕ ਅਤੇ ਪ੍ਰਾਈਵੇਟ ਯੂਨੀਵਰਸਟੀਆਂ ਵਿਚੋਂ 51ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਜੀ.ਐਨ.ਡੀ.ਯੂ ਨੂੰ ਦੇਸ਼ ਦੀਆਂ ਸਟੇਟ ਫ਼ੰਡਿੰਗ ਵਾਲੀਆਂ ਯੂਨੀਵਰਸਟੀਆਂ ਵਿਚੋਂ 18ਵਾਂ ਸਥਾਨ ਦਿਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮ (ਐਨ.ਆਈ.ਆਰ.ਐਫ)-2020 ਦੀਆਂ ਰੈਂਕਿੰਗਜ਼ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰੀਅਲ 'ਨਿਸ਼ਾਂਕ' ਵਲੋਂ ਨਵੀਂ ਦਿੱਲੀ ਵਿਖੇ ਜਾਰੀ ਕੀਤੀਆਂ ਗਈਆਂ।
ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜੀ.ਐਨ.ਡੀ.ਯੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿਤੀ ਹੈ। ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਨੂੰ ਸੂਬੇ ਦੀਆਂ ਰਾਜ ਜਨਤਕ ਯੂਨੀਵਰਸਟੀਆਂ ਵਿਚ ਪੜ੍ਹਨ ਲਈ ਉਤਸ਼ਾਹਤ ਅਤੇ ਪ੍ਰੇਰਤ ਕਰੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਚੇਰੀ ਸਿਖਿਆ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦਸਿਆ ਕਿ ਇਸ ਸਾਲ ਪੰਜਾਬ ਦੀਆਂ ਦੋ ਰਾਜ ਪਬਲਿਕ ਯੂਨੀਵਰਸਟੀਆਂ ਐਨ.ਆਈ.ਆਰ.ਐਫ਼-2020 ਰੈਂਕਿੰਗ ਵਿਚ ਪਹਿਲੇ 100 ਵਿਚ ਸ਼ਾਮਲ ਹੋਈਆਂ ਹਨ।
File Photo
ਗੁਰੂ ਨਾਨਕ ਦੇਵ ਯੂਨੀਵਰਸਟੀ ਨੇ ਅਪਣੀ ਰੈਂਕਿੰਗ ਨੂੰ 55ਵੇਂ ਤੋਂ ਵਧਾ ਕੇ 51ਵੇਂ ਸਥਾਨ 'ਤੇ ਲਿਆਂਦਾ ਹੈ ਅਤੇ ਪੰਜਾਬੀ ਯੂਨੀਵਰਸਟੀ, ਪਟਿਆਲਾ ਜਿਸ ਦੀ ਦਰਜਾਬੰਦੀ ਪਿਛਲੇ ਸਾਲ 100 ਤੋਂ ਵੀ ਪਿਛੇ ਸੀ ਹੁਣ 64 ਵੇਂ ਸਥਾਨ 'ਤੇ ਪਹੁੰਚ ਗਈ ਹੈ। ਐਨ.ਆਈ.ਆਰ.ਐਫ਼ 5 ਮਾਪਦੰਡਾਂ ਦੇ ਆਧਾਰ 'ਤੇ ਵੱਖ-ਵੱਖ ਸੰਸਥਾਵਾਂ ਦੀ ਦਰਜਾਬੰਦੀ ਕਰਦਾ ਹੈ ਜਿਨ੍ਹਾਂ ਟੀਚਿੰਗ ਅਤੇ ਲਰਨਿੰਗ ਰਿਸੋਰਸ, ਰਿਸਰਚ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਦੇ ਨਤੀਜੇ, ਓਵਰਆਲ ਇਨਕਲੂਸਬਿਟੀ ਅਤੇ ਪਰਸੈਪੇਸ਼ਨ ਸ਼ਾਮਲ ਹਨ। ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਨ੍ਹਾਂ 5 ਵਿੱਚੋਂ 3 ਮਾਪਦੰਡਾਂ (ਖੋਜ ਅਤੇ ਪੇਸ਼ੇਵਰ ਅਭਿਆਸ, ਗ੍ਰੈਜੂਏਸ਼ਨ ਨਤੀਜੇ ਅਤੇ ਧਾਰਨਾ) ਵਿਚ ਸੁਧਾਰ ਕੀਤਾ ਗਿਆ ।
ਇਹ ਸੁਧਾਰ ਇਸ ਯੂਨੀਵਰਸਟੀ ਦੇ ਗ੍ਰੈਜੂਏਟਾਂ ਲਈ ਇਕ ਉਤਮ ਖੋਜ ਵਾਤਾਵਰਣ ਅਤੇ ਉਚੇਰੀ ਸਿੱਖਿਆ ਅਤੇ ਪਲੇਸਮੈਂਟ ਦੇ ਮੌਕਿਆਂ ਦੀ ਹੋਂਦ ਵਲ ਇਸ਼ਾਰਾ ਕਰਦੇ ਹਨ। ਐਨ.ਆਈ.ਆਰ.ਐਫ਼ ਵਿਚ ਚੰਗੀ ਦਰਜਾਬੰਦੀ ਯੂਨੀਵਰਸਟੀਆਂ ਨੂੰ ਸੰਘੀ ਫ਼ੰਡਿੰਗ ਏਜੰਸੀਆਂ ਤੋਂ ਕਈ ਵੱਕਾਰੀ ਗਰਾਂਟਾਂ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਟੀ ਪਿਛਲੇ 3 ਸਾਲਾਂ ਤੋਂ ਲਗਾਤਾਰ ਅਪਣੀ ਰੈਂਕਿੰਗ ਵਿਚ ਸੁਧਾਰ ਕਰ ਰਹੀ ਹੈ।