
95 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ, ਇਲਾਜ ਅਧੀਨ 12 ਗੰਭੀਰ ਮਰੀਜ਼ਾਂ 'ਚੋਂ 9 ਆਕਸੀਜਨ ਅਤੇ 3 ਵੈਂਟੀਲੇਟਰ 'ਤੇ
ਚੰਡੀਗੜ੍ਹ, 11 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧੀ ਹੈ ਉਥੇ ਹੁਣ ਮੌਤਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਰ ਕੇ 5 ਮੌਤਾਂ ਹੋ ਗਈਆਂ ਹਨ। 95 ਹੋਰ ਨਵੇਂ ਪਾਜ਼ੇਟਿਵ ਕੋਰੋਨਾ ਮਾਮਲੇ ਵੀ ਸਾਹਮਣੇ ਆਏ ਹਨ।
ਕੋਰੋਨਾ ਨਾਲ ਹੋਈਆਂ ਚਾਰ ਮੌਤਾਂ 'ਚ 3 ਅਮ੍ਰਿਤਸਰ, 1 ਜਲੰਧਰ ਅਤੇ 1 ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਪੀੜਤਾਂ ਦੀਆਂ ਮੌਤਾਂ ਦੀ ਗਿਣਤੀ 60 ਹੋ ਗਈ ਹੈ।
File Photo
ਜ਼ਿਲ੍ਹਾ ਅੰਮ੍ਰਿਤਸਰ 'ਚ ਮੌਤਾਂ ਦਾ ਅੰਕੜਾ 13 ਹੋ ਗਿਆ ਹੈ ਜਦਕਿ ਉਸ ਤੋਂ ਬਾਅਦ ਲੁਧਿਆਣਾ 'ਚ 10 ਅਤੇ ਜਲੰਧਰ 'ਚ 9 ਮੌਤਾਂ ਹੋਈਆਂ ਹਨ। ਪਾਜ਼ੇਟਿਵ ਕੁੱਲ ਕੇਸਾਂ ਦਾ ਅੰਕੜਾ ਵੀ 2900 ਤਕ ਪਹੁੰਚ ਗਿਆ ਹੈ। 27 ਕੋਰੋਨਾ ਮਰੀਜ਼ ਅੱਜ ਠੀਕ ਵੀ ਹੋਏ ਹਨ ਅਤੇ ਇਸ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਵੀ 2259 ਹੋ ਗਈ ਹੈ। ਇਲਾਜ ਅਧੀਨ 569 ਮਰੀਜ਼ਾਂ 'ਚੋਂ 12 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ 'ਚੋਂ 9 ਆਕਸੀਜਨ ਅਤੇ 3 ਵੈਂਟੀਲੇਟਰ ਉਪਰ ਹਨ। ਲੁਧਿਆਣਾ, ਅਮ੍ਰਿਤਸਰ, ਜਲੰਧਰ ਤੇ ਪਠਾਨਕੋਟ ਇਸ ਸਮੇਂ ਕੋਰੋਨਾ ਕੇਂਦਰ ਬਣੇ ਹੋਏ ਹਨ। ਭਾਵੇਂ ਕਿ ਹੋਰ ਸਾਰੇ ਜ਼ਿਲ੍ਹਿਆਂ 'ਚੋਂ ਵੀ ਪਾਜ਼ੇਟਿਵ ਕੇਸ ਆ ਰਹੇ ਹਨ। ਇਸ ਸਮੇਂ ਸਿਰਫ਼ ਜ਼ਿਲ੍ਹਾ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ ਹੈ।