
ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲ ਦੇ ਚਲਦਿਆਂ ਅੰਮ੍ਰਿਤਸਰ 'ਚ ਵੀਰਵਾਰ ਸ਼ਾਮ ਕੋਰੋਨਾ ਤੋਂ ਪੀੜਤ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।
ਅੰਮ੍ਰਿਤਸਰ 'ਚ ਕੋਰੋਨਾ ਕਾਰਨ ਇਕ ਹੋਰ ਮੌਤ, 15 ਨਵੇਂ ਮਾਮਲੇ ਆਏ
ਅੰਮ੍ਰਿਤਸਰ, 11 ਜੂਨ (ਪਪ): ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲ ਦੇ ਚਲਦਿਆਂ ਅੰਮ੍ਰਿਤਸਰ 'ਚ ਵੀਰਵਾਰ ਸ਼ਾਮ ਕੋਰੋਨਾ ਤੋਂ ਪੀੜਤ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੇਟ ਹਕੀਮਾਂ ਦੇ ਰਹਿਣ ਵਾਲੇ ਸਤੀਸ਼ ਕੁਮਾਰ (63) ਦੀ ਰਿਪੋਰਟ ਪਿਛਲੇ ਦਿਨੀਂ ਪਾਜ਼ੇਟਿਵ ਆਈ ਸੀ। ਜਿਨ੍ਹਾਂ ਦਾ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ, ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਮ੍ਰਿਤਕ ਔਰਤ ਨਵਾਂ ਕੋਟ ਇਲਾਕੇ ਦੀ ਰਹਿਣ ਵਾਲੀ ਹੈ ਜੋ ਵੈਂਟੀਲੇਟਰ 'ਤੇ ਸੀ। ਇਸ ਨਾਲ ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਚੌਥੀ ਅਤੇ ਅੰਮ੍ਰਿਤਸਰ 'ਚ ਦੂਸਰੀ ਮੌਤ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਕੋਰੋਨਾ ਮਹਾਮਾਰੀ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਨਵਾਕੋਟ ਦੀ ਰਹਿਣ ਵਾਲੀ 62 ਸਾਲਾ ਅਮਰਜੀਤ ਕੌਰ ਅਤੇ ਲਾਹੌਰ ਗੇਟ ਦੇ ਰਹਿਣ ਵਾਲੇ 45 ਸਾਲਾ ਅਸ਼ੋਕ ਕੁਮਾਰ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 14 ਹੋ ਗਿਆ ਹੈ।
ਪਠਾਨਕੋਟ 'ਚ ਕੋਰੋਨਾ ਦੇ 19 ਨਵੇਂ ਮਾਮਲਿਆਂ ਦੀ ਪੁਸ਼ਟੀ
ਪਠਾਨਕੋਟ, 11 ਜੂਨ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਵਿਚ ਰੋਜ਼ਾਨਾ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 19 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਜ਼ਿਲ੍ਹੇ ਦੇ ਲੋਕਾਂ ਵਿਚ ਵੀ ਭਾਰੀ ਡਰ ਪਾਇਆ ਜਾ ਰਿਹਾ ਹੈ। ਨਵੇਂ ਪਾਜ਼ੇਟਿਵ ਆਏ ਮਰੀਜ਼ਾਂ ਵਿਚ 3 ਅਤੇ 6 ਸਾਲਾ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 132 ਹੋ ਗਈ ਹੈ, ਜਿਨ੍ਹਾਂ ਵਿਚ ਮੌਜੂਦਾ ਸਮੇਂ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 63 ਹੈ। ਜਦਕਿ 65 ਮਰੀਜ਼ ਕੋਰੋਨਾ ਨੂੰ ਮਾਤ ਦੇ ਘਰਾਂ ਨੂੰ ਚਾਲੇ ਪਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 4 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।
ਜਲੰਧਰ 'ਚ ਇਕੋ ਪਰਵਾਰ ਦੇ 5 ਜੀਆਂ ਸਣੇ 12 ਜਣੇ ਕੋਰੋਨਾ ਪਾਜ਼ੇਟਿਵ
ਜਲੰਧਰ, 11 ਜੂਨ (ਲੱਕੀ/ਸ਼ਰਮਾ) : ਇਕ ਦਿਨ ਦੀ ਰਾਹਤ ਮਗਰੋਂ ਅੱਜ ਜਲੰਧਰ 'ਚ ਫਿਰ ਤੋਂ ਉਸ ਸਮੇਂ 'ਕੋਰੋਨਾ' ਦਾ ਵੱਡਾ ਧਮਾਕਾ ਹੋ ਗਿਆ, ਜਦੋਂ ਜਲੰਧਰ 'ਚ ਇਕੱਠੇ 12 ਕੇਸ ਪਾਜ਼ੇਟਿਵ ਪਾਏ ਗਏ। ਅੱਜ ਦੇ ਮਿਲੇ 12 ਕੇਸਾਂ 'ਚ ਇਕੋ ਪਰਵਾਰ ਦੇ 5 ਮੈਂਬਰ ਹਨ, ਜੋ ਕਿ ਬੀਤੇ ਦਿਨੀਂ ਹੀ ਦਿੱਲੀ ਤੋਂ ਪਰਤੇ ਸਨ। ਇਨ੍ਹਾਂ 'ਚੋਂ ਇਕ ਔਰਤ ਦੁਬਈ ਤੋਂ ਪਰਤੀ ਸੀ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਸੋਮਵਾਰ ਨੂੰ ਲਏ ਗਏ ਨਮੂਨਿਆਂ ਦੀਆਂ 574 ਦੀਆਂ ਰੀਪੋਰਟਾਂ ਮਿਲੀਆਂ ਹਨ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 331 ਤਕ ਪਹੁੰਚ ਗਿਆ ਹੈ। ਇਥੇ ਸਿਹਤ ਮਹਿਕਮੇ ਦੀ ਇਹ ਵੀ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਹੈ ਕਿ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀ ਰੀਪੋਰਟ ਅੱਜ 4 ਦਿਨਾਂ ਬਾਅਦ ਮਿਲੀ ਹੈ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ।