
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ
ਚੰਡੀਗੜ੍ਹ, 11 ਜੂਨ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਸੰਯੁਕਤ ਅਰਬ ਅਮੀਰਾਤ ਵਿਚ ਬਿਨਾਂ ਪਾਸਪੋਰਟ ਤੋਂ ਫਸੇ ਕਰੀਬ 20000 ਪੰਜਾਬੀ ਵਰਕਰਾਂ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤਕਰੀਬਨ 20000 ਪੰਜਾਬੀ ਦੁਬਈ ਵਿਚ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਲੋਂ ਕੱਢ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਭਾਰਤ ਪਰਤਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਉਨ੍ਹਾਂ ਦੇ ਮਾਲਕਾਂ ਨੇ ਜ਼ਬਤ ਕੀਤੇ ਹੋਏ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਉਹ ਅਮੀਰਾਤ ਦੇ ਅਧਿਕਾਰੀਆਂ ਨਾਲ ਇਹ ਮਾਮਲਾ ਉਠਾਉਣ ਤਾਂ ਕਿ ਵਰਕਰਾਂ ਦੇ ਪਾਸਪੋਰਟ ਉਨ੍ਹਾਂ ਨੂੰ ਵਾਪਸ ਮਿਲ ਸਕਣ।
ਉਨ੍ਹਾਂ ਕਿਹਾ ਕਿ ਬਹੁਤੇ ਵਰਕਰਾਂ ਨੇ ਭਾਰਤ ਵਾਪਸੀ ਲਈ ਆਨਲਾਈਨ ਅਪਲਾਈ ਵੀ ਕੀਤਾ ਸੀ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਵਾਪਸ ਨਹੀਂ ਪਰਤ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਨੌਜਵਾਨਾਂ ਤੋਂ ਇਹ ਸੁਨੇਹੇ ਮਿਲੇ ਹਨ ਕਿ ਉਹ ਅਪਣੀਆਂ ਹਵਾਈ ਟਿਕਟਾਂ ਦਾ ਖਰਚ ਦੇਣ ਲਈ ਤਿਆਰ ਹਨ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਜ਼ਰੂਰੀ ਆਧਾਰ ‘ਤੇ ਦਖਲਅੰਦਾਜ਼ੀ ਕੀਤੀ।
File Photo
ਅਕਾਲੀ ਦਲ ਦੇ ਪ੍ਰਧਾਨ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਜਿਥੇ ਕੁਝ ਵਰਕਰ ਅਪਣੀਆਂ ਹਵਾਈ ਟਿਕਟਾਂ ਦਾ ਖਰਚ ਦੇਣ ਲਈ ਤਿਆਰ ਹਨ, ਉਥੇ ਹੀ ਹਜ਼ਾਰਾਂ ਵਰਕਰ ਅਜਿਹੇ ਹਨ ਜਿਹਨਾਂ ਨੇ ਆਪਣੀਆਂ ਬਚਤਾਂ ਖਰਚ ਕਰ ਲਈਆਂ ਹਨ ਤੇ ਉਨ੍ਹਾਂ ਕੋਲ ਵਾਪਸੀ ਦੀ ਟਿਕਟ ਦੇਣ ਜੋਗੇ ਪੈਸੇ ਵੀ ਨਹੀਂ ਬਚੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤੇ ਇਹਨਾਂ ਘਰ ਵਾਪਸ ਲਿਆਉਣ ਲਈ ਸੁੰਦਰੀ ਜਹਾਜ਼ ਭੇਜੇ ਜਾ ਸਕਦੇ ਹਨ।
ਬਾਦਲ ਨੇ ਡਾ. ਜੈਸ਼ੰਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਉਨ੍ਹਾਂ ਵਰਕਰਾਂ ਦੀ ਵਿੱਤੀ ਮਦਦ ਕੀਤੀ ਜਾਵੇ ਜਿਹਨਾਂ ਕੋਲ ਗੁਜ਼ਾਰਾ ਕਰਨ ਲਈ ਕੁਝ ਨਹੀਂ ਹੈ ਤੇ ਉਨ੍ਹਾਂ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਇਸ ਸਬੰਧ ਵਿਚ ਹੈਲਪਲਾਈਨ ਸਥਾਪਿਤ ਕੀਤੀ ਜਾਵੇ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਦੂਤਾਵਾਸ ਵਿਚ ਹੈਲਪ ਡੈਸਕ ਖੋਲਿ੍ਹਆ ਜਾਵੇ ਤਾਂ ਜੋ ਵਰਕਰਾਂ ਨੂੰ ਉਨ੍ਹਾਂ ਦੇ ਮਾਲਕਾਂ ਤੋਂ ਉਨ੍ਹਾਂ ਦੇ ਪਾਸਪੋਰਟ ਵਾਪਸ ਲੈਣ ਵਿਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਕੰਪੀਆਂ ਨੇ ਕਈ ਮਹੀਨਿਆਂ ਤੋਂ ਵਰਕਰਾਂ ਨੂੰ ਤਨਖਾਹਾਂ ਨਹੀਂ ਦਿਤੀਆਂ ਤੇ ਕਿਹਾ ਕਿ ਇਹ ਮਾਮਲਾ ਦੂਤਾਵਾਸ ਵਲੋਂ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਕੋਲ ਚੁੱਕਿਆ ਜਾਵੇ।