
ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਰੁਧ ਕਾਂਗਰਸ ਦਾ ਦੇਸ਼ ਵਿਆਪੀ ਪ੍ਰਦਰਸ਼ਨ
ਯੂਥ ਕਾਂਗਰਸ ਨੇ ਮੋਦੀ ਅਤੇ ਮੰਤਰੀਆਂ ਨੂੰ ਭੇਜੇ ਸਾਈਕਲ
ਨਵੀਂ ਦਿੱਲੀ, 11 ਜੂਨ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਮੱਠੀ ਪੈਣ ਦੇ ਨਾਲ ਹੀ ਲੋਕਾਂ 'ਤੇ ਮਹਿੰਗਾਈ ਦੀ ਮਾਰ ਸ਼ੁਰੂ ਹੋ ਗਈ ਹੈ | ਵਧਦੀ ਮਹਿੰਗਾਈ ਵਿਰੁਧ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਪ੍ਰਦਰਸ਼ਨ ਕੀਤਾ | ਇਸ ਦੌਰਾਨ ਕਾਂਗਰਸ ਨੇ ਵੀ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਰੁਧ ਪ੍ਰਦਰਸ਼ਨ ਕੀਤਾ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਿ੍ਯੰਕਾ ਗਾਂਧੀ ਵਾਡਰਾ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਕੇਂਦਰ ਸਰਕਾਰ 'ਤੇ ਮਹਾਂਮਾਰੀ ਦੇ ਸਮੇਂ ਪਟਰੌਲ ਡੀਜ਼ਲ 'ਤੇ ਟੈਕਸ ਵਧਾ ਕੇ ਜਨਤਾ ਨਾਲ ਲੁੱਟ ਦਾ ਦੋਸ਼ ਲਗਾਇਆ |
ਰਾਹੁਲ ਗਾਂਧੀ ਨੇ ਟਵੀਟ ਕੀਤਾ,''ਜੀਡੀਪੀ ਡਿੱਗ ਰਹੀ ਹੈ | ਬੇਰੁਜ਼ਗਾਰੀ ਬਤਹਾਸ਼ਾ ਵੱਧ ਗਈ ਹੈ | ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ | ਆਖ਼ਰ ਭਾਜਪਾ ਕਿੰਨੇ ਤਰੀਕਿਆਂ ਨਾਲ ਭਾਰਤ ਨੂੰ ਲੁੱਟੇਗੀ |'' ਕਾਂਗਰਸ ਆਗੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਪਟਰੌਲ ਪੰਪਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ | ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪਟਰੌਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ | ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਵਿਰੋਧ ਕਰਨ ਦਾ ਅਨੋਖਾ ਤਰੀਕਾ ਲਭਿਆ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਟਰੌਲੀਅਮ ਮੰਤਰੀ ਧਰਮਿੰਦਰ ਪ੍ਰਧਾਨ
ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਿ੍ਤੀ ਇਰਾਨੀ ਨੂੰ ਸਾਈਕਲ ਕੂਰੀਅਰ ਕੀਤੇ |
ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਸੀਨੀਅਰ ਆਗੂ ਸ਼ਕਤੀ ਸਿੰਘ ਗੋਹਿਲ ਘੋੜਾ ਗੱਡੀ 'ਤੇ ਸਵਾਰ ਹੋ ਕੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਨੇੜੇ ਪਟਰੌਲ ਪੰਪ 'ਤੇ ਪਹੁੰਚੇ | ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਤਤਕਾਲੀ ਸੰਪ੍ਰਗ ਸਰਕਾਰ ਦੇ ਕਾਰਜਵਾਲ ਵਿਚ ਪਟਰੌਲ ਅਤੇ ਡੀਜ਼ਲ 'ਤੇ ਕੇਂਦਰੀ ਟੈਕਸ 9.20 ਰੁਪਏ ਸੀ ਪਰ ਨਰਿੰਦਰ ਮੋਦੀ ਸਰਕਾਰ ਵਿਚ ਇਸ ਨੂੰ ਵਧਾ ਕੇ 32 ਰੁਪਏ ਕਰ ਦਿਤਾ ਗਿਆ | ਯੂਥ ਕਾਂਗਰਸ ਦਾ ਕਹਿਣਾ ਹੈ ਕਿ ਪਿਛਲੇ 5 ਮਹੀਨਿਆਂ ਵਿਚ ਪਟਰੌਲ-ਡੀਜ਼ਲ 43 ਗੁਣਾ ਮਹਿੰਗੇ ਹੋ ਚੁਕੇ ਹਨ | ਕੇਂਦਰ ਸਰਕਾਰ ਨੂੰ ਇਹ ਕੀਮਤਾਂ ਵਾਪਸ ਲੈਣੀਆਂ ਚਾਹੀਦੀਆਂ ਹਨ | ਪ੍ਰਦਰਸ਼ਨ ਦੌਰਾਨ ਕਾਂਗਰਸ ਆਰਥਕ ਸੁਸਤੀ, ਰਸੋਈ ਗੈਸ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਮੁੱਦੇ 'ਤੇ ਸਰਕਾਰ ਨੂੰ ਘੇਰ ਰਹੀ ਹੈ | ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਿਰੁਧ ਅੰਦੋਲਨ ਬਣਾਉਣਾ ਹੋਵੇਗਾ ਤਾਂ ਹੀ ਆਮ ਲੋਕਾਂ ਨੂੰ ਰਾਹਤ ਮਿਲੇਗੀ |