
ਕੋਰੋਨਾ ਤੋਂ ਠੀਕ ਹੋ ਚੁਕੇ ਮਰੀਜ਼ਾਂ ਨੂੰ ਟੀਕੇ ਦੀ ਤੁਰਤ ਜ਼ਰੂਰਤ ਨਹੀਂ, ਮਾਹਰਾਂ ਨੇ ਮੋਦੀ ਨੂੰ ਸੌਂਪੀ ਰਿਪੋਰਟ
ਨਵੀਂ ਦਿੱਲੀ, 11 ਜੂਨ : ਜਨਤਕ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਹੈ, ਉਨ੍ਹਾਂ ਨੂੰ ਟੀਕਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ | ਮਾਹਰਾਂ ਦੇ ਇਸ ਸਮੂਹ 'ਚ ਡਾਕਟਰ, ਕੋਵਿਡ-19 'ਤੇ ਰਾਸ਼ਟਰੀ ਟਾਸਕ ਫੋਰਸ, ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ (ਆਈਪੀਐੱਚਏ), (ਆਈਏਪੀਐੱਸਐੱਮ) ਤੇ ਇੰਡੀਅਨ ਐਸੋਸੀਏਸ਼ਨ ਦੇ ਮਾਹਰ ਸ਼ਾਮਲ ਹਨ | (ਆਈਏਈ) ਨੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ 'ਚ ਬੱਚਿਆਂ ਸਮੇਤ ਵੱਡੇ ਪੱਧਰ 'ਤੇ ਆਬਾਦੀ ਵਾਲੇ ਟੀਕਾਕਰਨ ਦੀ ਬਜਾਏ ਕਮਜ਼ੋਰ ਤੇ ਖ਼ਤਰੇ ਵਾਲੇ ਲੋਕਾਂ ਦਾ ਵੈਕਸੀਨੇਸ਼ਨ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ |
ਮਾਹਰਾਂ ਨੇ ਪ੍ਰਧਾਨ ਮੰਤਰੀ ਨੂੰ ਸੌਂਪੀ ਅਪਣੀ ਰਿਪੋਰਟ 'ਚ ਕਿਹਾ ਕਿ,''ਦੇਸ਼ 'ਚ ਮਹਾਮਾਰੀ ਦੀ ਮੌਜੂਦਾ ਸਥਿਤੀ ਦੀ ਮੰਗ ਨੂੰ ਦੇਖਦੇ ਹੋਏ ਸਾਨੂੰ ਸਾਰੇ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਨੂੰ ਪਹਿਲ ਦੇਣ ਚਾਹੀਦੀ ਹੈ, ਉੱਥੇ ਹੀ ਮਹਾਮਾਰੀ ਵਿਗਿਆਨ ਦੇ ਅੰਕੜਿਆਂ ਦੁਆਰਾ
ਨਿਰਦੇਸ਼ਤ ਕੀਤਾ ਜਾਣਾ ਚਾਹੀਦਾ ਹੈ | ਜੇ ਇਕੱਠਾ ਸਾਰੀਆਂ ਥਾਵਾਂ ਦਾ ਟੀਕਾਕਰਨ ਕਰਵਾਇਆ ਜਾਵੇ ਤਾਂ ਅਜਿਹੀ ਸੰਭਾਵਨਾ ਜ਼ਿਆਦਾ ਹੈ ਕਿ ਇਸ ਨਾਲ ਵੈਕਸੀਨ 'ਤੇ ਪ੍ਰਭਾਵ ਪਵੇਗਾ | ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਸਾਰੀਆਂ ਥਾਵਾਂ 'ਤੇ ਟੀਕਾਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ |''
ਉਨ੍ਹਾਂ ਨੇ ਰਿਪੋਰਟ 'ਚ ਕਿਹਾ ਕਿ 'ਵੱਡੇ ਪੱਧਰ 'ਤੇ ਅੰਨ੍ਹੇਵਾਹ ਤੇ ਅਧੂਰਾ ਟੀਕਾਕਰਨ ਵੀ ਹੋ ਸਕਦਾ ਹੈ | ਦੇਸ਼ ਦੇ ਵੱਖ-ਵੱਖ ਹਿਸਿਆਂ 'ਚ ਲਾਗ ਤੇਜ਼ੀ ਨਾਲ ਫੈਲਦੀ ਹੋਈ ਦਿਖਾਈ ਦੇ ਸਕਦੀ ਹੈ, ਇਹ ਸੰਭਾਵਨਾ ਹੈ ਕਿ ਸਾਰੇ ਸਮੂਹਕ ਟੀਕਾਕਰਨ ਸਾਡੀ ਨੌਜਵਾਨ ਆਬਾਦੀ'ਚ ਕੁਦਰਤੀ ਲਾਗ ਦੀ ਗਤੀ ਨੂੰ ਨਹੀਂ ਫੜ ਸਕੇਗਾ | ਮਾਹਰਾਂ ਦਾ ਸੁਝਾਅ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਦੇਸ਼ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦੇਖੀ ਜਾ ਰਹੀ ਹੈ | ਦੱਸਣਯੋਗ ਹੈ ਕਿ ਹਾਲ ਹੀ 'ਚ ਮੋਦੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਪਣੇ ਐਲਾਨ 'ਚ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀਆਂ ਨੂੰ ਟੀਕਾ ਮੁਫ਼ਤ ਉਪਲਬਧ ਕਰਵਾਇਆ ਜਾਵੇਗਾ |