 
          	ਫਲੈਟ ਖਾਲੀ ਕਰਨ ਲਈ 15 ਦਿਨਾਂ ਦਾ ਹੋਰ ਦਿੱਤਾ ਗਿਆ ਸਮਾਂ
ਚੰਡੀਗੜ੍ਹ: ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨੋਟਿਸ ਦੇਣ ਤੋਂ ਬਾਅਦ ਵੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਾ ਕਰਨ ਵਾਲੇ ਪੰਜਾਬ ਦੇ ਅੱਠ ਸਾਬਕਾ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਸਪੀਕਰ ਨੇ ਥੋੜ੍ਹੀ ਨਰਮੀ ਵਰਤਦੇ ਹੋਏ ਅਜਿਹੇ ਸਾਬਕਾ ਵਿਧਾਇਕਾਂ ਨੂੰ ਇੱਕ ਹੋਰ ਨੋਟਿਸ ਭੇਜਣ ਲਈ ਵੀ ਕਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ 15 ਦਿਨਾਂ ਦਾ ਹੋਰ ਸਮਾਂ ਮਿਲੇਗਾ।
 PHOTO
PHOTO
ਜੇਕਰ ਸਾਬਕਾ ਵਿਧਾਇਕਾਂ ਨੇ ਇਨ੍ਹਾਂ 15 ਦਿਨਾਂ ਵਿੱਚ ਸਰਕਾਰੀ ਰਿਹਾਇਸ਼ ਖਾਲੀ ਨਾ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਵਿਧਾਇਕਾਂ ਦੇ ਰਵੱਈਏ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਸਪੀਕਰ ਨੇ ਇਸ ਨੂੰ ਸਰਕਾਰੀ ਜਾਇਦਾਦ ’ਤੇ ਨਾਜਾਇਜ਼ ਕਬਜ਼ਾ ਕਰਾਰ ਦਿੰਦਿਆਂ ਇਸ ਦੋਸ਼ ਤਹਿਤ ਕੇਸ ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
 Kultar Singh Sandhwan
Kultar Singh Sandhwan
ਕਾਂਗਰਸ ਸਰਕਾਰ ਦੇ ਜਾਣ ਤੋਂ ਬਾਅਦ ਉਸ ਸਮੇਂ ਦੇ ਸਾਰੇ ਵਿਧਾਇਕਾਂ ਨੂੰ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਸਸਤੇ ਕਿਰਾਏ ’ਤੇ ਦਿੱਤੇ ਸਰਕਾਰੀ ਫਲੈਟ ਵਾਪਸ ਕਰਨੇ ਪਏ ਸਨ। ਇਸ ਦੇ ਲਈ ਸਪੀਕਰ ਵੱਲੋਂ ਫਲੈਟ ਖਾਲੀ ਨਾ ਕਰਨ ਵਾਲੇ ਵਿਧਾਇਕਾਂ ਨੂੰ ਨੋਟਿਸ ਵੀ ਭੇਜੇ ਗਏ ਸਨ। ਆਖਰੀ ਨੋਟਿਸ 10 ਮਾਰਚ 2022 ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਇਨ੍ਹਾਂ ਵਿਧਾਇਕਾਂ ਨੂੰ ਨੋਟਿਸ ਮਿਲਣ ਦੇ 15 ਦਿਨਾਂ ਦੇ ਅੰਦਰ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਸੀ।
 Bikram Majithia
Bikram Majithia 
ਬਿਕਰਮ ਸਿੰਘ ਮਜੀਠੀਆ, ਕੁਲਬੀਰ ਸਿੰਘ ਜ਼ੀਰਾ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਪ੍ਰੀਤ ਸਿੰਘ ਜੀ.ਪੀ., ਸਤਕਾਰ ਕੌਰ, ਅੰਗਦ ਸਿੰਘ, ਸੁਖਪਾਲ ਸਿੰਘ ਭੁੱਲਰ ਅਤੇ ਰਮਿੰਦਰ ਸਿੰਘ ਆਵਲਾ ਨੇ ਆਪਣੀ ਸਰਕਾਰੀ ਰਿਹਾਇਸ਼ ਨਾ ਛੱਡੀ। ਇਨ੍ਹਾਂ ਵਿੱਚੋਂ ਬਿਕਰਮ ਸਿੰਘ ਮਜੀਠੀਆ ਇਨ੍ਹੀਂ ਦਿਨੀਂ ਕੋਸ਼ਿਸ਼ ਕਰ ਰਹੇ ਹਨ ਕਿ ਜੋ ਫਲੈਟ ਉਨ੍ਹਾਂ ਨੂੰ ਮਿਲਿਆ ਹੈ, ਉਹ ਇਸ ਵਾਰ ਵਿਧਾਇਕ ਚੁਣੀ ਗਈ ਉਨ੍ਹਾਂ ਦੀ ਪਤਨੀ ਗਿਆਨ ਕੌਰ ਦੇ ਨਾਂ ’ਤੇ ਟਰਾਂਸਫਰ ਕਰ ਦਿੱਤਾ ਜਾਵੇ। ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਨ੍ਹਾਂ ਵਿਧਾਇਕਾਂ ਨੂੰ ਆਖਰੀ ਮੌਕੇ ਵਜੋਂ ਭੇਜੇ ਜਾ ਰਹੇ ਨੋਟਿਸ ਵਿੱਚ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਨ੍ਹਾਂ ਨੇ ਨਿਰਧਾਰਤ ਸਮੇਂ ਵਿੱਚ ਫਲੈਟ ਖਾਲੀ ਨਾ ਕੀਤੇ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ।
 Bikram Majithia
Bikram Majithia
 
                     
                
 
	                     
	                     
	                     
	                     
     
     
     
     
     
                     
                     
                     
                     
                    