ਕਰੋਨਾ ਕੇਸਾਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾ
ਚੰਡੀਗੜ੍ਹ : ਦੇਸ਼ ਅੰਦਰ ਵਧਦੇ ਕਰੋਨਾ ਮੀਟਰ ਨੇ ਇਕ ਵਾਰ ਫਿਰ ਡਰਾਉਣੇ ਹਾਲਾਤ ਬਣਾ ਦਿਤੇ ਹਨ। ਖ਼ਾਸ ਕਰ ਕੇ ਪਿਛਲੇ ਦਿਨਾਂ ਦੌਰਾਨ ਜਿਸ ਤਰ੍ਹਾਂ ਮੰਤਰੀ, ਸੰਤਰੀ ਤੋਂ ਲੈ ਕੇ ਫ਼ਿਲਮੀ ਹਸਤੀਆਂ ਤਕ ਕਰੋਨਾ ਦੀ ਪਹੁੰਚ ਬਣਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿਤਾ ਹੈ। ਪੰਜਾਬ ਦੇ ਡੇਢ ਦਰਜਨ ਤੋਂ ਵਧੇਰੇ ਸੀਨੀਅਰ ਅਧਿਕਾਰੀ ਕਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇੱਥੋਂ ਤਕ ਪੰਜਾਬ ਦੇ ਸਿਹਤ ਸਕੱਤਰੇਤ ਦੇ ਦਰਵਾਜ਼ੇ ਵੀ ਆਮ ਲੋਕਾਂ ਲਈ ਬੰਦ ਕਰਨੇ ਪਏ ਹਨ।
ਹੁਣ ਪੰਜਾਬ ਦੇ ਮੰਤਰੀ ਮਹਿੰਦਰ ਸਿੰਘ ਕੇ.ਪੀ. ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆ ਗਈ ਹੈ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਸਿਹਤ ਮਹਿਕਮੇ ਨੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ, ਜਿੱਥੇ ਕਰੋਨਾ ਮੀਟਰ ਪੂਰੀ ਰਫ਼ਤਾਰ ਨਾਲ ਵਧਦਾ ਵਿਖਾਈ ਦੇ ਰਿਹਾ ਹੈ।
ਬੀਤੇ ਸਨਿੱਚਰਵਾਰ ਨੂੰ ਜਲੰਧਰ 'ਚ 82 ਦੇ ਕਰੀਬ ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਐਤਵਾਰ ਨੂੰ 28 ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਵੀ ਸ਼ਾਮਲ ਹਨ। ਜ਼ਿਲ੍ਹੇ ਅੰਦਰ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1177 ਤਕ ਪਹੁੰਚ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 26 ਹੋ ਗਈ ਹੈ ਜਿਨ੍ਹਾਂ 'ਚ ਤਿੰਨ ਮੌਤਾਂ ਬੀਤੇ ਦਿਨ ਹੋਈਆਂ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸਖ਼ਤੀ ਵਰਤਦੇ ਹੋਏ ਜਲੰਧਰ 'ਚ ਕੁੱਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਇਹ ਇਲਾਕੇ ਪੂਰੀ ਤਰ੍ਹਾਂ ਸੀਲ ਰਹਿਣਗੇ ਅਤੇ ਸਮੇਂ ਸਮੇਂ 'ਤੇ ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਤਬਦੀਲੀ ਕੀਤੀ ਵੀ ਕੀਤੀ ਜਾਵੇਗੀ। ਇਹ ਫ਼ੈਸਲਾ ਜ਼ਿਲ੍ਹੇ ਅੰਦਰ ਵਧਦੇ ਕਰੋਨਾ ਕੇਸਾਂ ਅਤੇ ਸਿਵਲ ਸਰਜਨ ਦੀ ਰਿਪੋਰਟ ਨੂੰ ਵੇਖਦਿਆਂ ਲਿਆ ਗਿਆ ਹੈ।
ਇਸੇ ਤਰ੍ਹਾਂ ਫ਼ਿਲਮੀ ਸਤਾਰੇ ਅਮਿਤਾਬ ਬੱਚਨ ਨੂੰ ਵੀ ਕਰੋਨਾ ਹੋ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੇ ਸਪੁੱਤਰ ਅਭਿਸ਼ੇਕ ਬਚਨ ਤੋਂ ਇਲਾਵਾ ਨੂੰਹ, ਪੋਤਰੀ ਅਤੇ ਪਤਨੀ ਸਮੇਤ ਪੂਰੇ ਪਰਵਾਰ ਨੂੰ ਕਰੋਨਾ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਫ਼ਿਲਮੀ ਕਲਾਕਾਰ ਅਨੁਪਮ ਖੇਰ ਦੀ ਮਾਤਾ ਨੂੰ ਵੀ ਕਰੋਨਾ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਫ਼ਿਲਮੀ ਹਸਤੀਆਂ ਨੂੰ ਖੁਦ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਦੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਇਕਾਂਤਵਾਸ 'ਚ ਰਹਿਣਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।