
ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰਤ ਬਹਾਲ ਕਰੇ ਕੈਪਟਨ ਸਰਕਾਰ : ਭਗਵੰਤ ਮਾਨ
ਚੰਡੀਗੜ੍ਹ, 11 ਜੁਲਾਈ (ਸੁਰਜੀਤ ਸਿੰਘ ਸੱਤੀ): 'ਪੰਜਾਬ ਦੇ ਸਮੂਹ ਸਰਕਾਰੀ ਡਾਕਟਰਾਂ ਵਲੋਂ ਕੰਮ ਛੱਡ ਦੇ ਹੜਤਾਲ 'ਤੇ ਜਾਣ ਦੇ ਫ਼ੈਸਲੇ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਤਨਖ਼ਾਹ ਕਮਿਸ਼ਨ ਦੇ ਨਾਂਅ 'ਤੇ ਡਾਕਟਰਾਂ ਦੇ ਬਹੁਤ ਸਾਰੇ ਵਿੱਤੀ ਲਾਭ ਖ਼ਤਮ ਕਰ ਦਿਤੇ ਹਨ |'
ਇਹ ਦੋਸ਼ ਲਗਾਉਂਦਿਆਂ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੰਗ ਕੀਤੀ ਕਿ ਹੜਤਾਲ ਕਰ ਰਹੇ ਡਾਕਟਰਾਂ ਦੀਆਂ ਮੰਗਾਂ ਮਨ ਕੇ ਉਨ੍ਹਾਂ ਦੇ ਭੱਤੇ ਤੁਰਤ ਬਹਾਲ ਕੀਤੇ ਜਾਣ |
ਭਗਵੰਤ ਮਾਨ ਅਤੇ ਡਾਕਟਰ ਵਿੰਗ ਦੇ ਪ੍ਰਧਾਨ ਡਾ. ਰਵਜੋਤ ਨੇ ਕਿਹਾ ਕਿ ਤਨਖ਼ਾਹ ਕਮਿਸ਼ਨ ਦੇ ਨਾਂਅ 'ਤੇ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨਾਲ ਇਕ ਵੱਡਾ ਮਜ਼ਾਕ ਕੀਤਾ ਗਿਆ ਹੈ ਕਿਉਂਕਿ ਸਰਕਾਰ ਦੇ ਫ਼ੈਸਲੇ ਨਾਲ ਮੁਲਾਜ਼ਮਾਂ ਨੂੰ ਵਿੱਤੀ ਲਾਭ ਮਿਲਣ ਦੀ ਥਾਂ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ | ਮਾਨ ਨੇ ਦੋਸ਼ ਲਾਇਆ ਕਿ ਡਾਕਟਰਾਂ ਦੇ ਨਾਨ ਪ੍ਰੈਕਟਿਸਿੰਗ ਅਲਾਊਾਸ ਨੂੰ 25 ਫ਼ੀ ਸਦੀ ਤੋਂ ਘਟਾ ਕੇ 20 ਫ਼ੀ ਸਦੀ ਕਰ ਦਿਤਾ ਗਿਆ ਹੈ, ਜਿਸ ਦੀ ਆਮ ਆਦਮੀ ਪਾਰਟੀ ਸਖ਼ਤ ਨਿਖੇਧੀ ਕਰਦੀ ਹੈ | ਡਾ. ਰਵਜੋਤ ਨੇ ਕਿਹਾ ਕਿ ਜਦੋਂ ਸੂਬੇ ਦੇ ਸਰਕਾਰੀ ਡਾਕਟਰਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਆਪਣੇ ਹੱਕ ਲਈ ਸੰਘਰਸ ਕੀਤਾ ਤਾਂ ਡਾਕਟਰਾਂ ਦੇ ਆਗੂਆਂ ਦੀਆਂ ਧੱਕੇ ਨਾਲ ਦੂਰ ਦੁਰਾਡੇ ਬਦਲੀਆਂ ਕਰ ਦਿਤੀਆਂ ਤਾਂ ਜੋ ਉਹ ਸਰਕਾਰ ਵਿਰੁਧ ਸੰਘਰਸ ਨਾ ਕਰ ਸਕਣ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਅਪਣੀ ਜਾਨ ਜੋਖਮ ਵਿਚ ਪਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨਾਲ ਕੈਪਟਨ ਸਰਕਾਰ ਵਲੋਂ ਕੀਤਾ ਜਾ ਰਿਹਾ ਅਜਿਹਾ ਵਿਵਹਾਰ ਅਤਿ ਨਿੰਦਣਯੋਗ ਹੈ |