
ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਕਿਸਾਨ ਅਤੇ ਮਜ਼ਦੂਰ ਦੀ ਹਾਲਤ ਤਰਸਯੋਗ : ਚਡੂਨੀ
ਕਲਾਨੌਰ, 11 ਜੁਲਾਈ (ਗੁਰਦੇਵ ਸਿੰਘ ਰਜਾਦਾ) : ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਡੇਰਾ ਬਾਬਾ ਨਾਨਕ ਪਹੁੰਚਣ 'ਤੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਨਮਾਨਤ ਕੀਤਾ | ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬਾਜਵਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਕ ਰਿਹਾ ਹੈ | ਅੱਜ ਜਿਹੜਾ ਜੱਥਾ ਸੰਯੁਕਤ ਮੋਰਚੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਤੋਂ ਪੰਜਾਬ ਅਤੇ ਹਰਿਆਣਾ ਦੇ ਵਖ ਵਖ ਸ਼ਹਿਰਾਂ ਤੋਂ ਹੁੰਦਾ ਹੋਇਆ ਦਿੱਲੀ ਬਾਰਡਰ ਲਈ ਰਵਾਨਾ ਹੋਇਆ ਹੈ, ਉਸ ਵਿਚ ਪੰਜਾਬੀਆ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਕੇਂਦਰ ਦੀ ਅੰਨ੍ਹੀ ਤੇ ਬੋਲੀ ਮੋਦੀ ਸਰਕਾਰ ਨੂੰ ਜਗਾਇਆ ਜਾ ਸਕੇ ਅਤੇ ਮੋਦੀ ਦੀ ਤਾਨਾਸ਼ਾਹੀ ਸਰਕਾਰ ਕਿਸਾਨ ਵਿਰੋਧੀ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਵੇ |
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਆਜ਼ਾਦੀ ਤੋਂ 74 ਸਾਲਾਂ ਬਾਅਦ ਵੀ ਕਿਸਾਨ ਤੇ ਮਜ਼ਦੂਰ ਦੀ ਹਾਲਤ ਤਰਸਯੋਗ ਹੈ | ਅੱਜ ਵੀ ਦੇਸ਼ ਦੇ ਲੱਖਾਂ ਕਿਸਾਨ ਅਤੇ ਮਜ਼ਦੂਰ ਜ਼ਿੰਦਗੀ ਦੀਆ ਮੁਢਲੀਆਂ ਲੋੜਾਂ ਰੋਟੀ, ਕਪੜਾ ਤੇ ਮਕਾਨ ਤੋਂ ਵਾਂਝੇ ਹਨ | ਦੇਸ਼ ਦਾ ਅੰਨਦਾਤਾ ਏਨੀ ਮਾੜੀ ਹਾਲਤ ਵਿਚ ਜ਼ਿੰਦਗੀ ਬਸਰ ਕਰ ਰਿਹਾ ਹੋਵੇ ਤਾਂ ਉਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ 10 ਲੱਖ ਦਾ ਸੂਟ ਪਾਵੇ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਘੁੰਮਣ ਲਈ ਅਪਣੇ ਲਈ 8400 ਕਰੋੜ ਦਾ ਜਹਾਜ਼ ਖ਼ਰੀਦੇ, ਦੇਸ਼ ਲਈ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ |
ਇਸ ਮੌਕੇ ਜਸਬੀਰ ਸਿੰਘ ਘੁੰਮਣ, ਕਿਸਾਨ ਆਗੂ ਬਾਬਾ ਗੁਰਮੇਜ ਸਿੰਘ ਦਾਬਾਵਾਲ, ਇੰਜੀ ਸੁਖਦੇਵ ਸਿੰਘ ਧਾਲੀਵਾਲ, ਕਿਸਾਨ ਆਗੂ ਅਜਾਇਬ ਸਿੰਘ ਦਿਓਲ, ਗੁਰਪ੍ਰੀਤ ਸਿੰਘ ਖਾਂਸਾਵਾਲੀ, ਨਿਰਮਲ ਸਿੰਘ ਸਾਗਰਪੁਰ, ਸਤਨਾਮ ਸਿੰਘ ਸਾਗਰਪੁਰ, ਸਤਪਾਲ ਸਿੰਘ ਖੋਦੇਬੇਟ, ਅਮਰੀਕ ਸਿੰਘ ਖੈਹਿਰਾ, ਦੀਪ ਸਿੰਘ, ਇੰਸਪੈਕਟਰ ਗੁਰਚਰਨ ਸਿੰਘ, ਸੁਰਿੰਦਰ ਸਿੰਘ ਚਾਹਲ, ਗੁਰਸਰਨ ਸਿੰਘ, ਮਨਬੀਰ ਸਿੰਘ ਦਾਬਾਵਾਲ ਆਦਿ ਹਾਜ਼ਰ ਸਨ |
ਫੋਟੋ,11ਗੁਰਦੇਵ1
ਗੁਰਨਾਮ ਸਿੰਘ ਚੜੂਨੀ ਨੂੰ ਸਨਮਾਨਤ ਕਰਦੇ ਹੋਏ ਦਰਸ਼ਨ ਅਭਿਲਾਖੀ ਸੰਸਥਾ ਦੇ ਜਰਨਲ ਸਕੱਤਰ ਸਰਦਾਰ ਗੁਰਿੰਦਰ ਸਿੰਘ ਬਾਜਵਾ ਅਤੇ ਹੋਰ |