
ਰਾਜਪੁਰਾ 'ਚ ਭਾਜਪਾ ਦੀ ਬੈਠਕ 'ਚ ਕਿਸਾਨਾਂ ਦਾ ਹੰਗਾਮਾ, ਪੁਲਿਸ ਨਾਲ ਹੋਈ ਧੱਕਾ-ਮੁੱਕੀ
ਰਾਜਪੁਰਾ, 11 ਜੁਲਾਈ (ਪਪ) : ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਪਿਛਲੇ ਪਾਸੇ ਭਾਜਪਾ ਆਗੂਆਂ ਵਲੋਂ ਕੀਤੀ ਜਾ ਰਹੀ ਮੀਟਿੰਗ ਸਬੰਧੀ ਜਦੋਂ ਕਿਸਾਨ ਆਗੂਆਂ ਨੂੰ ਪਤਾ ਚਲਿਆ ਤਾਂ ਦੇਖਦਿਆਂ ਹੀ ਦੇਖਦਿਆਂ ਕਿਸਾਨ ਆਗੂ ਰੋਹ 'ਚ ਆ ਗਏ ਤੇ ਮੌਕੇ 'ਤੇ ਹੱਥਾਂ 'ਚ ਕਿਸਾਨੀ ਝੰਡੀਆਂ ਫੜ ਕੇ 'ਕੇਂਦਰ ਸਰਕਾਰ ਮੁਰਦਾਬਾਦ' ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਤੇ ਭਾਜਪਾ ਆਗੂਆਂ ਨੂੰ ਭਾਜੜਾਂ ਪਾ ਦਿਤੀਆਂ |
ਇਸ ਦੌਰਾਨ ਜਿਥੇ ਇਕ ਭਾਜਪਾ ਕੌਂਸਲਰ ਦੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਭਾਜਪਾ ਆਗੂ ਕਿਸਾਨਾਂ ਤੋਂ ਬਚਣ ਦੇ ਲਈ ਨੇੜਲੇ ਘਰ ਵਿਚ ਵੜ ਗਏ ਜਿਥੋਂ ਪੁਲਿਸ ਪਾਰਟੀ ਬੜੀ ਮੁਸ਼ੱਕਤ ਤੋਂ ਬਾਅਦ ਅਪਣੀ ਗੱਡੀ 'ਚ ਬਿਠਾ ਕੇ ਲੈ ਜਾਣ 'ਚ ਕਾਮਯਾਬ ਹੋ ਗਈ | ਇਸ ਦੌਰਾਨ ਭਾਜਪਾ ਆਗੂ ਦੇ ਗੰਨਮੈਂਨ ਵਲੋਂ ਕਿਸਾਨਾਂ ਵਲ ਅਪਣੀ ਰਿਵਾਲਵਰ ਕੱਢ ਕੇ ਦਿਖਾਉਣ ਨੂੰ ਲੈ ਕੇ ਵੀ ਸੜਕੀ ਆਵਾਜਾਈ ਠੱਪ ਕਰ ਕੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ | ਜਾਣਕਾਰੀ ਅਨੁਸਾਰ ਜਿਥੇ ਇਕ ਪਾਸੇ ਕੇਂਦਰ ਵਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨਾਂ ਦੇ ਚਲਦਿਆਂ ਕਿਸਾਨਾਂ ਵਲੋਂ ਰੋਸ ਧਰਨੇ ਤੇ ਮੁਜਾਹਰਿਆਂ ਰਾਹੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਅੱਜ ਜਦੋਂ ਨਵੀਂ ਅਨਾਜ ਮੰਡੀ ਦੇ ਪਿਛਲੇ ਪਾਸੇ ਭਾਰਤ ਵਿਕਾਸ ਪ੍ਰੀਸ਼ਦ ਭਵਨ ਵਿਚ ਭਾਜਪਾ ਆਗੂਆਂ ਜਿਸ 'ਚ ਜ਼ਿਲ੍ਹਾ ਪਟਿਆਲਾ ਪ੍ਰਭਾਰੀ ਭੁਪੇਸ਼ ਅਗਰਵਾਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਵਿਕਾਸ ਸ਼ਰਮਾ, ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਜਰਨੈਲ ਸਿੰਘ ਹੈਪੀ, ਕੌਂਸਲਰ ਸ਼ਾਂਤੀ ਸਪਰਾ ਸਮੇਤ ਹੋਰਨਾਂ ਵਲੋਂ ਆਉਣ ਵਾਲੀਆਂ ਚੋਣਾਂ ਦੇ ਸਬੰਧ 'ਚ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਇਸ ਗੱਲ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿਧੂਪੁਰ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਪ੍ਰੇਮ ਸਿੰਘ ਭੰਗੂ ਸੂਬਾ ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ, ਸੂਬਾਈ ਆਗੂ ਹਰਜੀਤ ਸਿੰਘ ਟਹਿਲਪੁਰਾ, ਇਕਬਾਲ ਸਿੰਘ ਮੰਡੋਲੀ, ਧਰਮਪਾਲ ਸਿੰਘ ਸ਼ੀਲ, ਸਾਹਿਬ ਸਿੰਘ, ਮਨਜੀਤ ਸਿੰਘ ਘੁਮਾਣਾ, ਸਰਪੰਚ ਤੇਜਿੰਦਰ ਸਿੰਘ ਲੀਲਾ, ਵਕੀਲ ਕਰਨਵੀਰ ਸਿੰਘ ਭੋਗਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਹੱਥਾਂ ਵਿਚ ਕਿਸਾਨੀ ਝੰਡੇ ਫੜ ਕੇ ਮੌਕੇ 'ਤੇ ਪਹੁੰਚ ਗਏ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ ਦੱਬ ਕੇ ਨਾਹਰੇਬਾਜ਼ੀ ਕਰਦਿਆਂ ਤੁਰਤ ਮੀਟਿੰਗ ਬੰਦ ਕਰਨ 'ਤੇ ਅੜ ਗਏ | ਡੀਐਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ, ਐਸਐਚਓ ਖੇੜੀ ਗੰਡਿਆ ਇੰਸੈਪਕਟਰ, ਕੁਲਵਿੰਦਰ ਸਿੰਘ ਭਾਰੀ ਪੁਲਿਸ ਪਾਰਟੀ ਸਮੇਤ ਮੀਟਿੰਗ ਵਾਲੀ ਥਾਂ 'ਤੇ ਪਹੁੰਚੇ ਤੇ ਕਿਸਾਨਾਂ ਨੂੰ ਸਾਂਤ ਕਰਨ ਦੀ ਕੋਸ਼ਿਸ ਕੀਤੀ | ਇਸ ਦੌਰਾਨ ਪੁਲਿਸ ਨੇ ਜਿਉਂ ਹੀ ਭਾਜਪਾ ਆਗੂਆਂ ਨੂੰ ਬਾਹਰ ਕਢਿਆ ਤਾਂ ਮੌਕੇ 'ਤੇ ਮੌਜੂਦ ਸੈਂਕੜੇ ਕਿਸਾਨ ਰੋਹ 'ਚ ਆ ਗਏ ਅਤੇ ਭਾਜਪਾ ਆਗੂਆਂ ਦੀਆਂ ਭਾਜੜਾਂ ਪਵਾ ਦਿਤੀਆਂ ਤੇ ਇਕ ਭਾਜਪਾ ਕੌਂਸਲਰ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ |
ਇਸ ਦੌਰਾਨ ਹਾਜ਼ਰ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਕਿਸ਼ਾਨ ਜਥੇਬੰਦੀ ਵਲੋਂ ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਉਸ ਦੇ ਬਾਵਜੂਦ ਵੀ ਅੱਜ ਰਾਜਪੁਰਾ ਵਿਚ ਭਾਜਪਾ ਆਗੂਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਿਸਾਨਾਂ ਦੇ ਜਲੇ 'ਤੇ ਨਮਕ ਛਿੜਕਣ ਦੇ ਬਰਾਬਰ ਹੈ | ਅੱਜ ਵੀ ਭਾਜਪਾ ਵਲੋਂ ਮੀਟਿੰਗ ਕੀਤੀ ਜਾ ਰਹੀ ਸੀ ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੈ ਕਿ ਸੂਬੇ ਵਿੱਚ ਭਾਜਪਾ ਦੀਆਂ ਮੀਟਿੰਗਾਂ ਦਾ ਵਿਰੋਧ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਭਾਜਪਾ ਦੀਆਂ ਮੀਟਿੰਗਾਂ ਨੂੰ ਇਜਾਜ਼ਤ ਕਿਉਂ ਦਿਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਕਿਰਸਾਨੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿਚ 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਪਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰ ਰਹੀ ਹੈ |
ਫ਼ੋਟੋ : ਰਾਜਪੁਰਾ ਕਿਸਾਨ