
ਬੀਤੇ ਦਿਨ ਭਾਜਪਾ ਹਾਈਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ 6 ਸਾਲ ਲਈ ਪਾਰਟੀ ’ਚੋਂ ਬਰਖ਼ਾਸਤ ਕਰ ਦਿਤਾ ਸੀ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਬੀਤੇ ਦਿਨ ਭਾਜਪਾ ਹਾਈਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ 6 ਸਾਲ ਲਈ ਪਾਰਟੀ ’ਚੋਂ ਬਰਖ਼ਾਸਤ ਕਰ ਦਿਤਾ ਸੀ। ਪਾਰਟੀ ’ਚੋਂ ਬਰਖ਼ਾਸਤਗੀ ਤੋਂ ਬਾਅਦ ਜੋਸ਼ੀ ਨੇ ਇਕ ਨਿੱਜੀ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਕਿਹਾ ਕਿ ਇਹ ਉਨ੍ਹਾਂ ਦੀ ਕਿਸਾਨ ਅੰਦੋਲਨ ਲਈ ਇਕ ਛੋਟੀ ਜਿਹੀ ਆਹੂਤੀ ਹੈ।
Former Cabinet Minister Anil Joshi
ਦਰਅਸਲ ਜੋਸ਼ੀ ਨੇ ਪਾਰਟੀ ਹਾਈਕਮਾਂਡ ਨੂੰ ਕਿਸਾਨੀ ਅੰਦੋਲਨ ਬਾਰੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਕਿਹਾ ਸੀ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੇਂਦਰੀ ਆਗੂਆਂ ਕੋਲ ਗ਼ਲਤ ਜਾਣਕਾਰੀ ਪਹੁੰਚਾ ਰਹੀ ਹੈ ਤਾਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ ਪਾਰਟੀ ’ਚੋਂ ਬਾਹਰ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਹਨ ਤੇ ਕਿਸਾਨ ਹਨ ਇਸ ਲਈ ਪਹਿਲਾਂ ਪੰਜਾਬ ਦੇ ਨਮਕ ਦਾ ਹੱਕ ਅਦਾ ਕਰਨਗੇ ਤੇ ਪਾਰਟੀਆਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੀ ਇਹ ਬਰਖ਼ਾਸਤਗੀ ਕਿਸਾਨ ਅੰਦੋਲਨ ਲਈ ਇਕ ਛੋਟੀ ਜਿਹੀ ਅਹੂਤੀ ਹੈ।
Farmer protest
ਕਿਸਾਨ ਅੰਦੋਲਨ ’ਚ ਜਾਣ ਬਾਰੇ ਪੁਛੇ ਜਾਣ ’ਤੇ ਜੋਸ਼ੀ ਨੇ ਕਿਹਾ ਕਿ ਜੇਕਰ ਕਿਸਾਨ ਇਜਾਜ਼ਤ ਦੇਣਗੇ ਤਾਂ ਉਹ ਇਕ ਵਾਰ ਦਿੱਲੀ ਧਰਨੇ ਵਿਚ ਜਾ ਕੇ ਉਸ ਜਗ੍ਹਾ ਨੂੰ ਇਕ ਵਾਰ ਸਿਜਦਾ ਜ਼ਰੂਰ ਕਰਨਗੇ ਜਿਥੇ ਕਿਸਾਨ ਪਿਛਲੇ 7 ਮਹੀਨਿਆਂ ਤੋਂ ਤਪੱਸਿਆ ਕਰ ਰਹੇ ਹਨ। ਜੋਸ਼ੀ ਨੇ ਕਿਹਾ ਕਿ ਉਹ ਘੱਟੋ-ਘੱਟ ਇਕ ਮਹੀਨਾ ਰਾਜਨੀਤੀ ਦੇ ਅਗਲੇ ਪੜਾਅ ਬਾਰੇ ਕੁੱਝ ਵੀ ਨਹੀਂ ਸੋਚਣਗੇ ਬਲਕਿ ਗ਼ੈਰ ਰਾਜਨੀਤਕ ਬੰਦਾ ਬਣ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ।
Anil Joshi