
ਭੈਣਾਂ ਦਾ ਇਕੱਲਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਲਵਪ੍ਰੀਤ
ਮੋਗਾ : ਸਟੱਡੀ ਵੀਜ਼ਾ 'ਤੇ ਆਸਟਰੇਲੀਆ ਪੜ੍ਹਾਈ ਕਰਨ ਗਏ ਨੌਜਵਾਨ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ। ਇਹ ਨੌਜਵਾਨ ਜ਼ਿਲ੍ਹਾ ਮੋਗਾ ਦੇ ਪਿੰਡ ਬਹਿਰਾਮ ਕੇ ਦਾ ਰਹਿਣ ਵਾਲਾ ਹੈ। ਲਵਪ੍ਰੀਤ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਹਿਰਾਮ ਕੇ ਦੇ ਚਾਚੇ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਸਾਲ ਪਹਿਲਾਂ ਲਵਪ੍ਰੀਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਗਿਆ ਸੀ ਤੇ ਉੱਥੇ ਪਹਿਲਾਂ ਰਹਿੰਦੀ ਆਪਣੀ ਭੈਣ ਕੋਲ ਰਹਿ ਰਿਹਾ ਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੇ ਮਾਤਾ-ਪਿਤਾ ਵੀ ਇਨ੍ਹਾਂ ਨੂੰ ਮਿਲਣ ਲਈ ਆਸਟ੍ਰੇਲੀਆ ਗਏ ਹੋਏ ਸਨ ਤੇ ਉੱਥੋ ਇਕ ਦਿਨ ਪਹਿਲਾਂ ਹੀ ਉਹ ਆਪਣੀ ਕੈਨੇਡਾ ਰਹਿੰਦੀ ਬੇਟੀ ਨੂੰ ਮਿਲਣ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਸਮੇਂ ਲਵਪ੍ਰੀਤ ਨੂੰ ਜਦੋਂ ਉਸ ਦੀ ਭੈਣ ਨੇ ਹਰ ਰੋਜ਼ ਦੀ ਤਰ੍ਹਾਂ ਉਠਾਉਣਾ ਚਾਹਿਆ ਤਾਂ ਉਹ ਉੱਠਿਆ ਨਹੀਂ, ਉਸ ਦੀ ਮੌਤ ਹੋ ਚੁੱਕੀ ਸੀ। ਦੋ ਭੈਣਾਂ ਦਾ ਭਰਾ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਚਾਨਕ ਬੇਵਕਤੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।