
ਸਿੱਖ ਗੁਰੂਆਂ ਨੂੰ ਰਾਮਚੰਦਰ ਦੇ ਬੇਟੇ ਲਵ ਅਤੇ ਕੁਸ਼ ਦੇ ਵੰਸ਼ਿਜ ਦੱਸਣਾ ਵੀ ਮੰਦਭਾਗਾ
ਸੰਗਰੂਰ, 11 ਅਗੱਸਤ ( ਬਲਵਿੰਦਰ ਸਿੰਘ ਭੁੱਲਰ): ਅਯੁੱਧਿਆ ਵਿਖੇ 5 ਅਗੱਸਤ ਨੂੰ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਨੂੰ ਜਿਸ ਢੰਗ ਨਾਲ ਤੋੜ੍ਹ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਇਸੇ ਅਵਸਰ ਤੇ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਸਿੱਖ ਗੁਰੂਆਂ ਨੂੰ ਰਾਮਚੰਦਰ ਦੇ ਬੇਟੇ ਲਵ ਅਤੇ ਕੁਸ਼ ਦੇ ਵੰਸ਼ਿਜ ਦੱਸਿਆ ਗਿਆ ਬਹੁਤ ਹੀ ਮੰਦਭਾਗੀ, ਨਿੰਦਣਯੋਗ ਅਤੇ ਸਿੱਖ ਪੰਥ ਵਿਰੋਧੀ ਕਾਰਵਾਈ ਹੈ। ਇਹ ਵਿਚਾਰ ਸਪੋਕਸਮੈਨ ਅਖਬਾਰ ਦੇ ਸਬ-ਦਫਤਰ ਸੰਗਰੂਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਨ ਸਭਾ ਹਲਕਾ ਦਿੜਬਾ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਸ.ਬਲਦੇਵ ਸਿੰਘ ਮਾਨ ਨੇ ਪ੍ਰਗਟ ਕੀਤੇ।
Baldev Mann
ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਅੰਦਰ ਮੁਗਲ ਸਾਮਰਾਜ ਦਾ ਬੋਲਬਾਲਾ ਸੀ ਤਾਂ ਸਿੱਖਾਂ ਦੇ ਨੌਂਵੇ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਜਨੇਊਆਂ ਦੀ ਰੱਖਿਆ ਕਰਨ ਲਈ ਆਨੰਦਪੁਰ ਸਾਹਿਬ ਤੋਂ ਦਿੱਲੀ ਜਾ ਕੇ ਕੁਰਬਾਨੀ ਦਿੱਤੀ ਅਤੇ ਹਿੰਦੂ ਧਰਮ ਦੀ ਹੋਂਦ ਬਚਾਈ ਜਿਸ ਕਾਰਨ ਦੇਸ਼ ਦੇ ਅਨੇਕਾਂ ਹਿੰਦੂਆਂ ਦੇ ਘਰਾਂ ਵਿੱਚ ਅੱਜ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੂਪ ਨੂੰ 'ਹਿੰਦ ਦੀ ਚਾਦਰ' ਹੋਣ ਦੇ ਸਨਮਾਨ ਵਜੋਂ ਪੂਜਿਆ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਨੇ ਵਿਦੇਸ਼ੀ ਧਾੜ੍ਹਵੀਆਂ ਦੀ ਗ੍ਰਿਫਤ 'ਚੋਂ ਹਿੰਦੂ ਬਹੂ ਬੇਟੀਆਂ ਨੂੰ ਸੈਂਕੜੇ ਵਾਰ ਬਚਾਇਆ ਹੈ ਅਤੇ ਉਨ੍ਹਾਂ ਨੂੰ ਘਰ ਘਰ ਪੁਚਾ ਕੇ ਹਿੰਦੂ ਧਰਮ ਦੀ ਲਾਜ਼ ਬਚਾਈ ਹੈ ਪਰ ਮੋਦੀ ਸਰਕਾਰ ਆਰ,ਐਸ,ਐਸ ਸਿੱਖ ਵਿਰੋਧੀ ਕਾਰਵਾਈਆਂ ਰੋਕਣ ਦੀ ਬਜਾਏ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਅਨੇਕਾਂ ਫਿਰਕੂ ਤੱਤਾਂ ਨੇ ਸਿੱਖ ਕੌਮ ਦੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਤੇ ਬਹੁਤ ਕੁਝ ਬੋਲਿਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਗੋਬਿੰਦ ਸਿੰਘ ਨੂੰ ਰਮਾਇਣ ਦਾ ਰਚੇਤਾ ਕਹਿ ਕੇ ਸਿੱਖ ਇਤਿਹਾਸ ਨੂੰ ਤੋੜ੍ਹ ਮਰੋੜ ਰਹੇ ਹਨ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ 1699 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸਾ ਸਾਜ਼ ਕੇ ਵੱਖਰੀ ਸਿੱਖ ਕੌਮ ਦੀ ਨੀਂਹ ਰੱਖੀ ਪਰ ਦਿੱਲੀ ਸਰਕਾਰ ਵਲੋਂ ਸਿੱਖਾਂ ਨੂੰ ਹਿੰਦੂਆਂ ਨਾਲ ਕਿਸ ਸਾਜਿਸ਼ ਅਧੀਨ ਰਲਗੱਡ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਰ,ਐਸ,ਐਸ ਆਪਣਾ ਇੱਕ ਵਿੰਗ ਬਣਾ ਉਸ ਵਿੱਚ ਸਿੱਖੀ ਸਰੂਪ ਵਾਲੇ ਲੋਕਾਂ ਨੂੰ ਲਾਲਚ ਦੇਕੇ ਸਿੱਖਾਂ ਅਤੇ ਹਿੰਦੂ ਵੀਰਾਂ ਵਿੱਚ ਪਾੜਾ ਪਾਉਣ ਦਾ ਯਤਨ ਕਰ ਰਹੀ ਹੈ।ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਇਸ ਗਮਭੀਰ ਵਿਸ਼ੇ ਤੇ ਚਿੰਤਾਂ ਕਰਨ ਦੀ ਲੋੜ ਹੈ ਅਤੇ ਸਾਬਕਾ ਜਥੇਦਾਰ ਨੂੰ ਤਲਬ ਕੀਤਾ ਜਾਵੇ ।