
28 ਅਗੱਸਤ ਨੂੰ ਰਾਮਲੀਲਾ ਮੈਦਾਨ 'ਚ 'ਮਹਿੰਗਾਈ 'ਤੇ ਹੱਲਾ ਬੋਲ' ਰੈਲੀ ਕਰੇਗੀ ਕਾਂਗਰਸ
ਮੋਦੀ ਸਰਕਾਰ ਦੇ ਆਰਥਕ ਕੁਸ਼ਾਸਨ ਦਾ ਖ਼ਮਿਆਜ਼ਾ ਭੁਗਤ ਰਹੇ ਹਨ ਲੋਕ : ਕਾਂਗਰਸ
ਨਵੀਂ ਦਿੱਲੀ, 11 ਅਗੱਸਤ : ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਣ ਦੇ ਮਕਸਦ ਨਾਲ ਕਾਂਗਰਸ 28 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਮਹਿੰਗਾਈ 'ਤੇ ਹੱਲਾ ਬੋਲ' ਰੈਲੀ ਕਰੇਗੀ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਨੁਸਾਰ ਇਸ ਰੈਲੀ ਤੋਂ ਪਹਿਲਾਂ 17 ਅਗਸਤ ਤੋਂ 23 ਅਗਸਤ ਤਕ ਦੇਸ਼ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਮੰਡੀਆਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਕਈ ਥਾਵਾਂ 'ਤੇ 'ਮਹਿੰਗਾਈ ਚੌਪਾਲ' ਦਾ ਆਯੋਜਨ ਕੀਤਾ ਜਾਵੇਗਾ |
ਇਕ ਬਿਆਨ ਵਿਚ ਉਨ੍ਹਾਂ ਕਿਹਾ, ''ਕਾਂਗਰਸ ਨੇ 5 ਅਗਸਤ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁਧ ਇਕ ਅੰਦੋਲਨ ਸ਼ੁਰੂ ਕੀਤਾ, ਜਿਸ ਨਾਲ ਲੋਕਾਂ ਨੇ ਅਪਣੇ ਆਪ ਨੂੰ ਜੋੜਿਆ | ਪ੍ਰਧਾਨ ਮੰਤਰੀ ਨੇ ਨਿਰਾਸ਼ਾ ਦੇ ਆਲਮ ਵਿਚ ਇਸ ਨੂੰ ''ਕਾਲਾ ਜਾਦੂU ਕਹਿਣ ਦੀ ਕੋਸ਼ਿਸ਼ ਕੀਤੀ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਅਸਮਾਨ ਛੂਹ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਰੋਕਣ ਵਿਚ ਅਸਫਲ ਰਹੀ ਹੈU |
ਰਮੇਸ਼ ਅਨੁਸਾਰ ਕਾਂਗਰਸ ਆਉਣ ਵਾਲੇ ਹਫ਼ਤਿਆਂ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁਧ ਆਪਣੀ ਲੜਾਈ ਤੇਜ਼ ਕਰੇਗੀ | ਉਨ੍ਹਾਂ ਕਿਹਾ, ''ਕਾਂਗਰਸ 17 ਅਗੱਸਤ ਤੋਂ 23 ਅਗੱਸਤ ਤਕ ਦੇਸ਼ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਮੰਡੀਆਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਕਈ ਥਾਵਾਂ 'ਤੇ ਚੌਪਾਲ ਦਾ ਆਯੋਜਨ ਕਰੇਗੀ | ਇਸ ਦੀ ਸਮਾਪਤੀ 28 ਅਗਸਤ ਨੂੰ ਰਾਮਲੀਲਾ ਮੈਦਾਨ ਵਿਚ 'ਮਹਿੰਗਾਈ 'ਤੇ ਹੱਲਾ ਬੋਲ' ਰੈਲੀ ਨਾਲ ਹੋਵੇਗੀ | ਇਸ ਰੈਲੀ ਨੂੰ ਸੀਨੀਅਰ ਕਾਂਗਰਸੀ ਆਗੂ ਸੰਬੋਧਨ ਕਰਨਗੇU |
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਰਾਮਲੀਲਾ ਮੈਦਾਨ 'ਚ ਰੈਲੀ ਨੂੰ ਸੰਬੋਧਨ ਕਰਨਗੇ | ਰਮੇਸ਼ ਨੇ ਦਸਿਆ ਕਿ ਇਸ ਰੈਲੀ ਦੇ ਨਾਲ ਹੀ ਸੂਬਾ ਕਾਂਗਰਸ ਕਮੇਟੀਆਂ ਵਲੋਂ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ 'ਮਹਿੰਗਾਈ 'ਤੇ ਹੱਲਾ ਬੋਲ-ਚਲੋ ਦਿੱਲੀ' ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ | ਉਨ੍ਹਾਂ ਦਾਅਵਾ ਕੀਤਾ, ''ਭਾਰਤ ਦੇ ਲੋਕ ਮੋਦੀ ਸਰਕਾਰ ਦੇ ਆਰਥਿਕ ਕੁਸ਼ਾਸਨ ਦਾ ਖਮਿਆਜ਼ਾ ਭੁਗਤ ਰਹੇ ਹਨ | ਦਹੀਂ, ਮੱਖਣ, ਖਾਣ ਵਾਲੀਆਂ ਜ਼ਰੂਰੀ ਵਸਤਾਂ 'ਤੇ ਟੈਕਸ ਮਹਿੰਗਾਈ ਨੂੰ ਵਧਾ ਰਹੇ ਹਨ, ਜਦਕਿ ਜਨਤਕ ਜਾਇਦਾਦ ਦੋਸਤ ਪੂੰਜੀਪਤੀਆਂ ਨੂੰ ਟ੍ਰਾਂਸਫਰ ਕਰਨ ਅਤੇ ਫ਼ੌਜ ਵਿਚ ਭਰਤੀ ਦੀ ਦਿਸ਼ਾਹੀਣ ਅਗਨੀਪਥ ਯੋਜਨਾ ਵਰਗੇ ਕਦਮਾਂ ਕਾਰਨ, ਰੁਜ਼ਗਾਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ |U ਉਨ੍ਹਾਂ ਕਿਹਾ, ''ਕਾਂਗਰਸ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਂਦੀ ਰਹੇਗੀ ਅਤੇ ਭਾਜਪਾ ਸਰਕਾਰ 'ਤੇ ਆਪਣੀਆਂ ਗਲਤ ਨੀਤੀਆਂ ਨੂੰ ਬਦਲਣ ਲਈ ਦਬਾਅ ਵਧਾਏਗੀ |U (ਪੀਟੀਆਈ)