
ਕੁੱਲੂ 'ਚ ਫਟਿਆ ਬੱਦਲ, ਮਲਬੇ ਹੇਠ ਦੱਬਣ ਨਾਲ ਨਾਨੀ-ਦੋਹਤੀ ਦੀ ਮੌਤ
ਸ਼ਿਮਲਾ, 11 ਅਗੱਸਤ : ਹਿਮਾਚਲ ਪ੍ਰਦੇਸ਼ 'ਚ ਬੁੱਧਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ | ਮੀਂਹ ਕਾਰਨ ਮੰਡੀ ਅਤੇ ਕੁੱਲੂ ਜ਼ਿਲਿ੍ਹਆਂ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ | ਕੁੱਲੂ ਜ਼ਿਲੇ ਦੇ ਅਨੀ ਦੇ ਸ਼ਿਲੀ 'ਚ ਬੱਦਲ ਫਟਣ ਕਾਰਨ ਖਦੇਲ 'ਚ ਜ਼ਮੀਨ ਖਿਸਕ ਗਈ | ਉਨ੍ਹਾਂ ਦਸਿਆ ਕਿ ਮਲਬੇ ਹੇਠ ਦੱਬ ਕੇ ਨਾਨੀ-ਦੋਹਤੀ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਚਾਵੇਲੁ ਦੇਵੀ (55) ਅਤੇ ਕ੍ਰਿਤਿਕਾ (17) ਵਜੋਂ ਹੋਈ ਹੈ | ਰਾਮਪੁਰ ਸ਼ਹਿਰ ਦੀ ਇੰਦਰਾ ਮਾਰਕੀਟ ਵਿਚ ਡਰੇਨ 'ਚ ਪਾਣੀ ਆਉਣ ਕਾਰਨ ਕਈ ਵਾਹਨ ਮਲਬੇ ਵਿਚ ਦੱਬ ਗਏ |
ਮੰਡੀ-ਕੁੱਲੂ ਨੈਸ਼ਨਲ ਹਾਈਵੇਅ 'ਤੇ ਕਰੀਬ 7 ਮੀਲ ਅਤੇ ਵਾਇਆ ਕਟੌਲਾ ਸੜਕ ਕੰਮੰਡ ਨੇੜੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਬੰਦ ਹੋ ਗਈ ਹੈ | ਇਥੇ ਜੀਪ 'ਤੇ ਪੱਥਰ ਡਿੱਗੇ ਹਨ | ਘਟਨਾ ਵਿਚ ਕਿਸੇ ਨੂੰ ਸੱਟ ਨਹੀਂ ਲੱਗੀ | ਸਾਰੇ ਲੋਕ ਸਮੇਂ ਸਿਰ ਗੱਡੀ ਵਿਚੋਂ ਨਿਕਲ ਗਏ | ਪਠਾਨਕੋਟ ਐਨਐਚ ਉਰਲਾ ਨੇੜੇ ਮੰਡੀ ਦੋ ਘੰਟੇ ਬੰਦ ਰਹੀ | ਸੁੰਦਰਨਗਰ ਦੀ ਬੀਬੀਐਮਬੀ ਕਲੋਨੀ ਭਾਰੀ ਮੀਂਹ ਕਾਰਨ ਪਾਣੀ ਵਿਚ ਡੁੱਬ ਗਈ ਹੈ |
ਚੰਬੀ ਪੰਚਾਇਤ ਦੇ ਜੰਗਮ ਬਾਗ 'ਚ ਤੜਕੇ 4:30 ਵਜੇ ਉਸਾਰੀ ਅਧੀਨ ਇਮਾਰਤ ਦਾ ਮਲਬਾ ਹੋਰ ਇਮਾਰਤ 'ਤੇ ਡਿੱਗਣ ਕਾਰਨ ਪਰਵਾਰ ਦੇ 9 ਮੈਂਬਰ ਦੱਬ ਗਏ | 8 ਵਿਅਕਤੀ ਕਿਸੇ ਤਰ੍ਹਾਂ ਬਾਹਰ ਨਿਕਲਣ 'ਚ ਕਾਮਯਾਬ ਰਹੇ ਪਰ ਇਕ ਔਰਤ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੂੰ 4 ਜੀਸੀਬੀ ਮਸ਼ੀਨਾਂ ਲਗਾਉਣੀਆਂ ਪਈਆਂ | ਮਲਬਾ ਸਾਫ਼ ਕਰ ਕੇ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਮੰਡੀ ਜਲੰਧਰ ਵਾਇਆ ਧਰਮਪੁਰ ਨੈਸ਼ਨਲ ਹਾਈਵੇ ਲੋਂਗਣੀ ਨੇੜੇ ਬੰਦ ਹੈ | ਬਿਆਸ ਸਮੇਤ ਸਾਰੀਆਂ ਨਦੀਆਂ ਉਤਲੇ ਪੱਧਰ 'ਤੇ ਹਨ | ਇਸ ਦੇ ਨਾਲ ਹੀ ਬੀਐਸਐਲ ਪ੍ਰਾਜੈਕਟ ਦੀ ਪੁੰਗਾ ਸੁਰੰਗ ਨੇੜੇ ਡਰੇਨ ਵਿਚ ਮਲਬਾ ਡਿੱਗਣ ਕਾਰਨ ਸਾਰਾ ਪਾਣੀ ਬੀਐਸਐਲ ਰਜਵਾਹੇ ਵੱਲ ਆ ਗਿਆ, ਜਿਸ ਕਾਰਨ ਪੁੰਗਾ ਸੁਰੰਗ ਦਾ ਇਲਾਕਾ ਝਰਨੇ ਵਿਚ ਤਬਦੀਲ ਹੋ ਗਿਆ | (ਪੀਟੀਆਈ)