
ਗ੍ਰਿਫ਼ਤਾਰੀ ਲਈ ਭਾਲ ਜਾਰੀ
ਲੁਧਿਆਣਾ - ਸਦਰ ਥਾਣਾ ਲੁਧਿਆਣਾ ਦੀ ਪੁਲਿਸ ਨੇ ਡਾਕਟਰ 'ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਡਾਕਟਰ 'ਤੇ ਦੋਸ਼ ਹੈ ਕਿ ਉਹ ਆਪਣੇ ਮ੍ਰਿਤਕ ਮਾਪਿਆਂ ਦੀ ਸਰਕਾਰੀ ਪੈਨਸ਼ਨ ਲੈ ਰਿਹਾ ਸੀ। ਡਾ: ਭੁਪਿੰਦਰਪਾਲ ਸਿੰਘ ਖੰਗੂੜਾ ਨੇ ਸਿਹਤ ਵਿਭਾਗ ਨੂੰ 6 ਲੱਖ ਰੁਪਏ ਦਾ ਘਾਟਾ ਪਾਇਆ ਹੈ। ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਪਿੰਡ ਧਾਲੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੁਪਿੰਦਰਪਾਲ ਸਿੰਘ ਸਿਹਤ ਵਿਭਾਗ ਨਾਲ ਧੋਖਾਧੜੀ ਕਰ ਰਿਹਾ ਹੈ। ਉਸ ਦੇ ਮਾਤਾ-ਪਿਤਾ ਸਰਕਾਰੀ ਡਾਕਟਰ ਸਨ। ਉਸ ਦੀ ਮਾਤਾ ਰਣਜੀਤ ਕੌਰ ਮੈਡੀਕਲ ਕਾਲਜ ਫਰੀਦਕੋਟ ਤੋਂ ਸੇਵਾਮੁਕਤ ਹੋਈ ਸੀ। 27 ਫਰਵਰੀ 2019 ਨੂੰ ਉਸ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਪਰਿਵਾਰਕ ਪੈਨਸ਼ਨ ਉਸ ਦੇ ਪਤੀ ਡਾ: ਹਰਜੀਤ ਸਿੰਘ ਦੇ ਐਸਬੀਆਈ ਬੈਂਕ ਖਾਤੇ ਵਿਚ ਆਉਣੀ ਸ਼ੁਰੂ ਹੋ ਗਈ। ਪਿਤਾ ਡਾ: ਹਰਜੀਤ ਸਿੰਘ ਦੀ ਵੀ 20 ਮਈ 2021 ਨੂੰ ਮੌਤ ਹੋ ਗਈ ਸੀ। ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਭੁਪਿੰਦਰਪਾਲ ਸਿੰਘ ਨੇ ਖਜ਼ਾਨਾ ਅਤੇ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਮੌਤ ਦੀ ਸੂਚਨਾ ਨਹੀਂ ਦਿੱਤੀ।
ਭੁਪਿੰਦਰਪਾਲ ਨੇ ਨਵੰਬਰ 2021 ਤੱਕ ਮਾਪਿਆਂ ਦੀ ਪੈਨਸ਼ਨ ਕਢਵਾਈ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਮੁਲਜ਼ਮਾਂ ਨੇ ਸਿਹਤ ਵਿਭਾਗ ਨਾਲ 6 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਫਿਲਹਾਲ ਪੁਲਿਸ ਨੇ ਡਾਕਟਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।