ਧੀ ਰਾਬੀਆ ਨਾਲ ਤੀਆਂ ਦੇ ਤਿਉਹਾਰ 'ਤੇ ਨਿਊ ਅੰਮ੍ਰਿਤਸਰ ਪਹੁੰਚੇ ਸਨ ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ - ਨਵਜੋਤ ਕੌਰ ਸਿੱਧੂ ਅੱਜ ਅਪਣੀ ਧੀ ਰਾਬੀਆ ਨਾਲ ਨਿਊ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਨੇ ਤੀਆਂ ਦੇ ਤਿਉਹਾਰ ਵਿਚ ਹਿੱਸਾ ਲਿਆ ਤੇ ਪੀਂਘ ਝੂਟੀ। ਇਸ ਦੌਰਾਨ ਉਹਨਾਂ ਦਾ ਉੱਥੇ ਮੌਜੂਦ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਤੇ ਉਹਨਾਂ ਦੀ ਤਾਰੀਫ਼ ਵਿਚ ਸ਼ੇਅਰ ਵੀ ਬੋਲਿਆ ਕਿਉਂਕਿ ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ ਪਰ ਫਿਰ ਵੀ ਹੱਸਦੇ ਮੁਸਕਰਾਉਂਦੇ ਰਹਿੰਦੇ ਹਨ।
ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਅਪਣੀ ਬਿਮਾਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਕ ਡਾਕਟਰ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਇਕ ਚੰਗਾ ਮੈਸੇਜ ਜਾਵੇ। ਜਦੋਂ ਉਹਨਾਂ ਨੂੰ ਮਨੀਪੁਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਨੀਪੁਰ ਵਿਚ ਜੋ ਵਾਪਰਿਆਂ ਉਸ ਤੋਂ ਸ਼ਰਮਨਾਕ ਕੁੱਝ ਵੀ ਨਹੀਂ ਹੋ ਸਕਦਾ ਤੇ ਅੱਜ ਸਾਡੇ ਹਿੰਦੁਸਾਤਨ ਦੇ ਲੋਕਾਂ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਿਹਾ ਕਿ ਉਹਨਾਂ ਦੀ ਸਰਕਾਰ ਇਮਾਨਦਾਰੀ ਦੇ ਨਾਮ 'ਤੇ ਆਈ ਸੀ ਤੇ ਲੋਕ ਵੀ ਪਿਛਲੀਆਂ ਸਰਕਾਰਾਂ ਤੋਂ ਬਹੁਤ ਤੰਗ ਸਨ। ਉਹਨਾਂ ਨੇ ਕਿਹਾ ਕਿ ਜੇ ਅਸੀਂ ਹੀ ਅਪਣੀ ਪਾਰਟੀ ਵਿਚ ਸਫ਼ਾਈ ਕਰ ਲੈਂਦੇ ਤੇ ਲੋਕਾਂ ਨੂੰ ਦਿਖਾਉਂਦੇ ਕਿ ਹਾਂ ਸਾਡੀ ਪਾਰਟੀ ਚੰਗੇ ਲੋਕਾਂ ਅੱਗੇ ਲੈ ਕੇ ਆ ਰਹੀ ਹੈ ਤਾਂ ਇਹ ਹਨੇਰੀ ਨਾ ਚੱਲਦੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 75 ਫੀਸਦੀ ਵਿਧਾਇਕ ਇੱਦਾਂ ਦੇ ਹਨ ਜਿਹਨਾਂ ਨੂੰ ਅਜੇ ਵਿਧਾਇਕ ਦਾ ਮਤਲਬ ਹੀ ਨਹੀਂ ਪਤਾ ਕਿ ਵਿਧਾਇਕ ਦੀ ਕੁਰਸੀ 'ਤੇ ਬੈਠ ਕੇ ਕੰਮ ਕੀ ਕਰਨਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਵਿਚ ਕੁੱਝ ਕੰਮ ਚੰਗੇ ਵੀ ਹੋ ਰਹੇ ਹਨ ਜਿਵੇਂ ਕਿ ਸਰਕਾਰ ਨੇ ਕਿਹਾ ਕਿ ਹਾਈਵੇਅ 'ਤੇ ਪੁਲਿਸ ਫੋਰਸ ਵਧਾਈ ਜਾਵੇਗੀ ਤੇ ਇਸ ਨਾਲ ਹਰ ਦੀ ਸੁਰੱਖਿਆ ਵੀ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੂੰ ਇਕ ਮਹਿਲਾ ਦੇ ਨਾਮ 'ਤੇ ਠੇਕਾ ਖੋਲ੍ਹਣ ਨੂੰ ਲੈ ਕੇ ਕਿਹਾ ਕਿ ਇਹ ਪੰਜਾਬ ਦਾ ਕਲਚਰ ਨਹੀਂ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਇਕ ਵਾਰ ਫਿਰ ਤੋਂ ਅਫੀਮ ਦੀ ਖੇਤੀ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਦੇ ਵੀ ਕਰਜ਼ਾ ਮੁਕਤ ਨਹੀਂ ਹੋ ਸਕਦਾ ਤੇ ਅਫੀਮ ਦੀ ਖੇਤੀ ਹੀ ਕਿਸਾਨ ਨੂੰ ਲੱਖ-ਪਤੀ ਬਣਾ ਸਕਦੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਫੀਮ ਦੀ ਖੇਤੀ ਦੀਆਂ ਵੀ 35 ਕਿਸਮਾਂ ਹਨ ਤੇ ਜਦੋਂ ਤੱਕ ਲੋਕ ਅਫੀਮ ਖਾਂਦੇ ਸਨ ਉਦੋਂ ਤੱਕ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਲੱਗਦੀ ਤੇ ਸਿੰਥੈਟਿਕ ਡਰੱਗ ਵੀ ਨਹੀਂ ਵਿਕਦੇ ਸੀ।
ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਡਰ ਰਹੀ ਹੈ ਕਿਉਂਕਿ ਉਹਨਾਂ ਕੋਲ ਉਮੀਦਵਾਰ ਨਹੀਂ ਹਨ ਤੇ ਉਹਨਾਂ ਦੇ ਸਾਰੇ ਉਮੀਦਵਾਰ ਜਿੱਤਣਗੇ। ਰਾਜਪਾਲ ਤੇ ਮੁੱਖ ਮੰਤਰੀ ਵਾਰ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਆਪਸ ਵਿਚ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਜੇ ਕਿਤੇ ਅਜਿਹੀ ਰਾਜਨੀਤੀ ਤੋਂ ਨੌਜਵਾਨ ਪੀੜ੍ਹੀ ਨਫ਼ਰਤ ਕਰਨ ਲੱਗ ਪਈ ਤਾਂ ਕੋਈ ਵੀ ਪੜ੍ਹਿਆ ਲਿਖਿਆ ਨੌਜਵਾਨ ਰਾਜਨੀਤੀ ਵਿਚ ਨਹੀਂ ਆਵੇਗਾ।