
ਆਰੋਪ ਹੈ ਕਿ ਵਿਆਹੁਤਾ ਔਰਤ ਦੇ ਸਹੁਰੇ ਵਾਲਿਆਂ ਨੇ 25 ਲੱਖ ਰੁਪਏ ਦਾਜ ਦੀ ਮੰਗ ਕੀਤੀ ਸੀ
Moga News : ਮੋਗਾ ਦੇ ਕਸਬਾ ਧਰਮਕੋਟ 'ਚ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਧਰਮਕੋਟ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਹੁਰਾ ਪਰਿਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਥਾਣਾ ਧਰਮਕੋਟ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਜੋਤੀ ਵਾਸੀ ਹੁਸ਼ਿਆਰਪੁਰ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਬਿਆਨ ਅਨੁਸਾਰ 25 ਸਾਲਾ ਮਮਤਾ ਦਾ ਵਿਆਹ ਡੇਢ ਸਾਲ ਪਹਿਲਾਂ ਧਰਮਕੋਟ ਦੇ ਰਹਿਣ ਵਾਲੇ ਸ਼ੁਭਮ ਨਾਲ ਹੋਇਆ ਸੀ। ਆਰੋਪ ਹੈ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮਮਤਾ ਨੂੰ ਹੋਰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ।
ਮ੍ਰਿਤਕ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਲੜਕੀ ਦੇ ਸਹੁਰਿਆਂ ਨੂੰ ਏਸੀ ਲੈ ਕੇ ਦਿੱਤਾ ਸੀ। ਆਰੋਪ ਹੈ ਕਿ ਮਮਤਾ ਦੇ ਸਹੁਰੇ ਵਾਲਿਆਂ ਨੇ 25 ਲੱਖ ਰੁਪਏ ਦਾਜ ਦੀ ਮੰਗ ਕੀਤੀ ਸੀ। ਜਿਸ ਕਾਰਨ ਉਸ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ। ਸਹੁਰਿਆਂ ਤੋਂ ਤੰਗ ਆ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਤੋਂ ਬਾਅਦ ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਦੇ ਮਾਤਾ-ਪਿਤਾ ਹਸਪਤਾਲ ਪੁੱਜੇ ਤਾਂ ਆਰੋਪੀ ਫਰਾਰ ਹੋ ਚੁੱਕੇ ਸੀ। ਪੁਲਸ ਨੇ ਜੋਤੀ ਦੀ ਸ਼ਿਕਾਇਤ 'ਤੇ ਮ੍ਰਿਤਕ ਮਮਤਾ ਦੇ ਪਤੀ ਸ਼ੁਭਮ, ਸਹੁਰਾ ਰਾਜਕੁਮਾਰ, ਜੇਠ ਵਿਸ਼ਾਲ ਅਤੇ ਜੇਠਾਣੀ ਸੋਨੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।