
ਮਨੌਲੀ ਸੂਰਤ ਵਿਖੇ ਅੱਜ ਸਵੇਰੇ ਚੰਡੀਗੜ੍ਹ ਗਰੁੱਪ ਆਫ਼ ਕਾਲਜ (CGC) ਝੰਜੇੜੀ ਦੀ ਵਿਦਿਆਰਥੀਆਂ...
ਮੋਹਾਲੀ: ਮਨੌਲੀ ਸੂਰਤ ਵਿਖੇ ਅੱਜ ਸਵੇਰੇ ਚੰਡੀਗੜ੍ਹ ਗਰੁੱਪ ਆਫ਼ ਕਾਲਜ (CGC) ਝੰਜੇੜੀ ਦੀ ਵਿਦਿਆਰਥੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਵਿਦਿਆਰਥੀਆਂ ਨੂੰ ਬਨੂੜ ਦੇ ਵੱਖ-ਵੱਖ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਸਵੇਰੇ ਕਾਲਜ ਬੱਸ ਦਾ ਡਰਾਇਵਰ ਹਸਨ ਸਿੰਘ ਅੰਬਾਲੇ ਤੇ ਲਾਲੜੂ ਦੇ ਵਿਦਿਆਰਥੀਆਂ ਨੂੰ ਲੈ ਕੇ ਝੰਜੇੜੀ ਜਾ ਰਿਹਾ ਸੀ।
CGC Bus
ਜਦੋਂ ਇਹ ਬੱਸ ਪਿੰਡ ਮਨੌਲੀ ਸੂਰਤ ਤੋਂ ਥੋੜ੍ਹੀ ਅੱਗੇ ਪੁੱਜੀ ਤਾਂ ਡਰਾਇਵਰ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰ ਕੇ ਜਦੋਂ ਬੱਸ ਨੂੰ ਆਪਣੀ ਸਾਇਡ ਮੋੜਨ ਲੱਗਾ ਤਾਂ ਬੱਸ ਡਰਾਇਵਰ ਕੋਲੋਂ ਬੇਕਾਬੂ ਹੋ ਗਈ ਤੇ ਬੱਸ ਸੜਕ 'ਤੇ ਪਲਟ ਗਈ। ਬੱਸ ਦੇ ਪਲਟਦਿਆਂ ਹੀ ਜ਼ੋਰਦਾਰ ਧਮਾਕਾ ਹੋਇਆ। ਆਲੇ-ਦੁਆਲੇ ਦੇ ਲੋਕਾਂ ਨੂੰ ਸਮਝ ਨਹੀ ਲੱਗਿਆ ਕਿ ਕੀ ਹੋਇਆ ਹੈ। ਵਿਦਿਆਰਥੀਆਂ ਦੇ ਰੌਲਾ ਪਾਉਣ ਤੋਂ ਬਾਅਦ ਲੋਕ ਸੜਕ ਵੱਲ ਭੱਜੇ।
CGC College
ਸੜਕ ਤੋਂ ਲੰਘ ਰਹੇ ਲੋਕ ਵੀ ਘਟਨਾ ਸਥਾਨ 'ਤੇ ਰੁਕ ਕੇ ਬੱਸ 'ਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣ 'ਚ ਮਦਦ ਕਰਨ ਲੱਗ ਪਏ। ਘਟਨਾ ਸਥਾਨ 'ਤੇ ਲੋਕ ਐਂਬੂਲੈਂਸ ਦੇ ਆਉਣ ਦਾ ਇੰਤਜ਼ਾਰ ਕਰਦੇ, ਇਸ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਗੱਡੀਆਂ 'ਚ ਪਾ ਕੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਰਾਹਗੀਰਾਂ ਨੇ ਜ਼ਖ਼ਮੀ ਵਿਦਿਆਰਥੀਆਂ ਨੂੰ ਬਨੂੜ ਦੇ ਵੱਖ-ਵੱਖ ਹਸਪਤਾਲ 'ਚ ਭਰਤੀ ਕਰਵਾਇਆ।
ਹਾਦਸੇ ਤੋਂ ਬਾਅਦ ਥਾਣਾ ਮੁਖੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਗਏ। ਥਾਣਾ ਮੁਖੀ ਰਵਿੰਦਰ ਕੁਮਾਰ ਅਤੇ ਹੌਲਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਵਿਦਿਆਰਥੀ ਦੇ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਇਆ, ਕਾਰਵਾਈ ਕੀਤੀ ਜਾਵੇਗੀ।