
ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਇਕ ਦੂਜੇ 'ਤੇ ਦੂਸ਼ਣਬਾਜ਼ੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਬਣੀਆਂ ਸਤਿਕਾਰ ਕਮੇਟੀਆਂ ਅਤੇ ਕੁੱਝ ਹੋਰ ਲੋਕਾਂ ਵਲੋਂ 14 ਸਤੰਬਰ ਨੂੰ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਦੇ ਐਲਾਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ।
Gobind singh longowal
ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪਾਵਨ ਇਤਿਹਾਸਕ ਅਸਥਾਨ ਹੈ ਅਤੇ ਇਸ ਦੀ ਇਕ ਮਰਯਾਦਾ ਹੈ ਅਤੇ ਇਥੇ ਵਿਰੋਧ ਪ੍ਰਦਰਸ਼ਨਾਂ ਦੀ ਕਿਸੇ ਨੂੰ ਵੀ ਹਰਗਿਜ਼ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
Gobind Singh Longowal
ਉਨ੍ਹਾਂ ਸਤਿਕਾਰ ਕਮੇਟੀਆਂ ਨੂੰ ਸਵਾਲ ਕੀਤਾ ਕਿ ਪਾਵਨ ਸਰੂਪਾਂ ਦੇ ਸੰਜੀਦਾ ਮਾਮਲੇ ਤੇ ਸਿਆਸਤ ਕਰਨ ਦੀ ਥਾਂ ਕੌਮ ਨੂੰ ਇਹ ਦੱਸਣ ਕਿ ਜਿਹੜੇ ਪਾਵਨ ਸਰੂਪ ਉਨ੍ਹਾਂ ਵਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਗਏ, ਉਹ ਕਿਥੇ ਹਨ।
Akal Takht sahib
ਇਸ ਦੇ ਨਾਲ ਹੀ ਸਤਿਕਾਰ ਕਮੇਟੀਆਂ ਨਿਸ਼ਾਨ ਸਾਹਿਬ, ਪਾਲਕੀਆਂ, ਪੀੜ੍ਹੇ, ਕੀਮਤੀ ਰੁਮਾਲਿਆਂ ਆਦਿ ਦਾ ਵੀ ਹਿਸਾਬ ਸੰਗਤ ਸਾਹਮਣੇ ਰੱਖਣ। ਭਾਈ ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਬਣੀਆਂ ਸਤਿਕਾਰ ਕਮੇਟੀਆਂ ਪਾਸੋਂ ਪਾਵਨ ਸਰੂਪਾਂ ਦਾ ਹਿਸਾਬ ਲੈਣ।
Giani Harpreet singh jathedar
ਇਸ ਕਾਰਜ ਲਈ ਜਥੇਦਾਰ ਸਾਹਿਬ ਇਕ ਕਮੇਟੀ ਬਣਾਉਣ, ਜੋ ਹੁਣ ਤਕ ਸਤਿਕਾਰ ਕਮੇਟੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਪਾਵਨ ਸਰੂਪਾਂ ਤੇ ਹੋਰ ਸਮਾਨ ਦਾ ਵੇਰਵਾ ਲੈ ਕੇ ਜਨਤਕ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਬਲੀਕੇਸ਼ਨ ਵਿਭਾਗ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਸੰਗਤ ਨੂੰ ਦੇਣ ਉਪਰੰਤ ਕਰਮਚਾਰੀਆਂ ਵਲੋਂ ਭੇਟਾ ਦਫ਼ਤਰ ਜਮ੍ਹਾਂ ਨਹੀਂ ਕਰਵਾਈ ਗਈ।
ਉਸ ਨਾਲ ਸਬੰਧਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਥਾਪਤ ਜਾਂਚ ਕਮਿਸ਼ਨ ਦੀ ਰੀਪੋਰਟ ਅਨੁਸਾਰ ਹਰ ਦੋਸ਼ੀ 'ਤੇ ਕਾਰਵਾਈ ਕੀਤੀ ਗਈ ਹੈ। ਪਰੰਤੂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦੀ ਥਾਂ ਕੁਝ ਲੋਕ ਜਾਣਬੁਝ ਕੇ ਵਿਰੋਧ ਦੀ ਨੀਤੀ ਤਹਿਤ ਕੰਮ ਕਰ ਰਹੇ ਹਨ ਤੇ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਹਨ।