
ਕਰਨਾਲ ਲਾਠੀਚਾਰਜ: ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ
ਐਸ.ਡੀ.ਐਮ ਵਿਰੁਧ ਹੋਵੇਗੀ ਨਿਆਇਕ ਜਾਂਚ
ਮਿ੍ਤਕ ਕਿਸਾਨ ਦੇ ਪ੍ਰਵਾਰ ਦੇ ਦੋ ਮੈਂਬਰਾਂ ਨੂੰ ਦਿਤੀ ਡੀ.ਸੀ. ਰੇਟ 'ਤੇ ਨੌਕਰੀ
ਕਰਨਾਲ, 11 ਸਤੰਬਰ (ਪਲਵਿੰਦਰ ਸਿੰਘ ਸੱਗੂ) : ਕਰਨਾਲ ਦੇ ਮਿੰਨੀ ਸਕੱਤਰੇਤ ਸਾਹਮਣੇ ਕਿਸਾਨਾਂ ਵਲਾੋ ਪਿਛਲੇ 4 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀ ਜੋ ਅੱਜ ਸਮਾਪਤ ਹੋ ਗਿਆ | ਬੀਤੀ ਕਲ ਰਾਤ ਹਰਿਆਣਾ ਸਰਕਾਰ ਵਲੋਂ ਆਈਏਐਸ ਅਧਿਕਾਰੀ ਦੇਵੇਂਦਰ ਸਿੰਘ, ਕਰਨਾਲ ਦੇ ਡੀ.ਸੀ. ਨਿਸ਼ਾਤ ਕੁਮਾਰ ਯਾਦਵ ਅਤੇ ਕਰਨਾਲ ਪੁਲਿਸ ਮੁਖੀ ਗੰਗਾ ਰਾਮ ਪੁਨੀਆ ਵਲੋਂ ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਤਕਰੀਬਨ 4 ਘੰਟੇ ਮੀਟਿੰਗ ਕੀਤੀ ਗਈ ਜਿਸ ਵਿਚ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਆਪਸੀ ਸਹਿਮਤੀ ਬਣਦੀ ਦਿਸੀ |
ਅੱਜ ਸਵੇਰੇ ਫਿਰ ਤੋਂ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ ਜਿਸ ਵਿਚ ਸਮਝੌਤੇ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਵਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੀਟਿੰਗ ਹਾਲ ਵਿਚ ਪੈੱਸ ਕਾਨਫ਼ਰੰਸ ਦੌਰਾਨ ਸਮਝੌਤੇ ਬਾਰੇ ਦਸਿਆ ਗਿਆ |
ਸਮਝੌਤੇ ਮੁਤਾਬਕ ਦੋਸ਼ੀ ਅਧਿਕਾਰੀ ਆਯੁਸ਼ ਸਿਨਹਾ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ ਅਤੇ ਕਰਨਾਲ ਕਾਂਡ ਦੀ ਪੂਰੀ ਜਾਂਚ ਹਾਈ ਕੋਰਟ ਤੋਂ ਸੇਵਾਮੁਕਤ ਜੱਜ ਕੋਲੋਂ ਕਰਵਾਈ ਜਾਵੇਗੀ ਜਾਂਚ ਇਕ ਮਹੀਨੇ ਵਿਚ ਪੁਰੀ ਕੀਤੀ ਜਾਵੇਗੀ | ਜਾਂਚ ਤੋ ਬਾਅਦ ਰੀਪੋਰਟ ਹਾਈ ਕੋਰਟ ਦੇ ਜੱਜ ਨੂੰ ਸੌਂਪੀ ਜਾਵੇਗੀ |
ਜਾਂਚ ਵਿਚ ਦੋਸ਼ੀ ਪਾਏ ਜਾਣ 'ਤੇ ਅਧਿਕਾਰੀ ਵਿਰੁਧ ਕਾਰਵਾਈ ਕੀਤੀ ਜਾਵੇਗੀ | 28 ਅਗੱਸਤ ਨੂੰ ਕਰਨਾਲ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਜਿਸ ਕਿਸਾਨ ਦੀ ਮੌਤ ਹੋ ਗਈ ਸੀ ਉਸ ਦੇ ਪ੍ਰਵਾਰ ਦੇ ਦੋ ਮੈਂਬਰਾਂ ਜਿਨ੍ਹਾਂ ਵਿਚ ਮਿ੍ਤਕ ਕਿਸਾਨ ਕਾਜਲ ਦੇ ਪੁੱਤਰ ਅਤੇ ਧੀ ਨੂੰ ਡੀ.ਸੀ. ਰੇਟ 'ਤੇ ਨੌਕਰੀ ਦਿਤੀ ਜਾਵੇਗੀ |