
ਕੈਪਟਨ ਸਰਕਾਰ ਵੇਲੇ ਜਾਰੀ ਹੋਈ ਸੀ ਗ੍ਰਾਂਟ
ਚੰਡੀਗੜ੍ਹ - ਅੱਜ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਹੈ ਤੇ ਤਿੰਨ ਸਾਲ ਪਹਿਲਾਂ ਇਤਿਹਾਸਕ ਸਾਰਾਗੜ੍ਹੀ ਯਾਦਗਾਰ ਦੇ ਸੁੰਦਰੀਕਰਨ ਤੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਇਹ ਗ੍ਰਾਂਟ ਅਜੇ ਤੱਕ ਜਿਉਂ ਦੀ ਤਿਉਂ ਹੀ ਪਈ ਹੈ, ਇਹ ਰਕਮ ਅਜੇ ਤੱਕ ਨਹੀਂ ਵਰਤੀ ਗਈ। ਇਹ ਗ੍ਰਾਂਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਾਰੀ ਕੀਤੀ ਗਈ ਸੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲ ਜੂਨ ਵਿਚ ਯਾਦਗਾਰ ਦੇ ਸੁੰਦਰੀਕਰਨ ਤੇ ਵਿਕਾਸ ਨਾਲ ਜੁੜੇ ਪ੍ਰਾਜੈਕਟ ਲਈ ਟੈਂਡਰ ਵੀ ਮੰਗੇ ਸਨ, ਪਰ ਇਸ 'ਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਫੰਡਿਡ ‘ਸਵਦੇਸ਼ ਦਰਸ਼ਨ’ ਸਕੀਮ ਤਹਿਤ ਯਾਦਗਾਰ ਵਿਖੇ ਸੈਲਾਨੀ ਕੇਂਦਰ ਦੀ ਉਸਾਰੀ ਨਾਲ ਜੁੜਿਆ ਪ੍ਰਾਜੈਕਟ ਮੁਕੰਮਲ ਹੋ ਚੁੱਕਾ ਹੈ, ਪਰ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਏ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸੰਸਥਾ ਦੇ ਗਠਨ, ਸਾਰਾਗੜ੍ਹੀ ਕਲੱਬ, ਨਸ਼ੇ ਦੇ ਆਦੀ ਲੋਕਾਂ ਦੇ ਮੁੜ ਵਸੇਬੇ ਲਈ ਕਈ ਐਲਾਨ ਹੋਏ, ਪਰ ਕੋਈ ਵੀ ਮੁੱਦਾ ਅਮਲ ਵਿਚ ਨਹੀਂ ਆਇਆ। 12 ਸਤੰਬਰ 1897 ਨੂੰ ਉੱਤਰੀ ਪੱਛਮੀ ਫਰੰਟੀਅਰ ਸੂਬੇ ਵਿਚ ਹੋਈ ਸਾਰਾਗੜ੍ਹੀ ਦੀ ਜੰਗ ਦੌਰਾਨ ਬ੍ਰਿਟਿਸ਼ ਇੰਡੀਆ ਫ਼ੌਜ ਦੀ 36 ਸਿੱਖ ਰਜਮੈਂਟ ਦੇ 22 ਜਵਾਨ, 10 ਹਜ਼ਾਰ ਤੋਂ ਵੱਧ ਅਫ਼ਗਾਨਾਂ ਦਾ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ।