
ਗੈਂਗਸਟਰਾਂ ਤੇ ਅੱਤਵਾਦੀਆਂ ਦੇ ਸਬੰਧਾਂ ਦਾ ਮਾਮਲਾ
ਮੁਹਾਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ NIA ਵਲੋਂ ਗੈਂਗਸਟਰਾਂ ਖ਼ਿਲਾਫ਼ ਐਕਸ਼ਨ ਲਿਆ ਗਿਆ ਹੈ। NIA ਵਲੋਂ ਪੰਜਾਬ ’ਚ 25 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ। ਦੇਸ਼ ਦੇ 5 ਰਾਜਾਂ 'ਚ 50 ਵੱਖ-ਵੱਖ ਥਾਵਾਂ 'ਤੇ NIA ਦੀ ਛਾਪੇਮਾਰੀ ਜਾਰੀ ਹੈ। ਗੈਂਗਸਟਰ ਜੇਲ੍ਹਾਂ ’ਚ ਬੰਦ ਹੋਣ ਦੇ ਬਾਵਜੂਦ ਦੇਸ਼-ਵਿਦੇਸ਼ ਦੇ ਨਾਲ-ਨਾਲ ਭਾਰਤ ਦੀਆਂ ਜੇਲ੍ਹਾਂ ਵਿਚ ਵੀ ਸਰਗਰਮ ਹੈ। ਹਾਲ ਹੀ ਵਿਚ NIA ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਗੋਲਡੀ ਬਰਾੜ ਸਮੇਤ ਕਈ ਗੈਂਗਸਟਰ ਵਿਦੇਸ਼ ਤੋਂ ਸਰਗਰਮ ਹਨ। ਪਿਛਲੇ ਦੋ ਮਹੀਨਿਆਂ ਵਿਚ ਕੇਂਦਰ ਨੇ ਪੰਜਾਬ ਵਿਚ ਗੈਂਗਵਾਰ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਕਈ ਅਲਰਟ ਭੇਜੇ ਹਨ।
ਕਈ ਅੱਤਵਾਦੀ ਮਾਮਲਿਆਂ ਦੀ ਜਾਂਚ 'ਚ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਕਈ ਗੈਂਗਸਟਰ ਸਲਾਖਾਂ ਦੇ ਪਿੱਛੇ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿਚ ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਕਈ ਗੈਂਗਸਟਰਾਂ ਖ਼ਿਲਾਫ਼ ਯੂ.ਏ.ਪੀ.ਏ. ਲਗਾਇਆ ਸੀ। ਕੋਟਕਪੂਰਾ ’ਚ ਵੀ ਐੱਨਆਈਏ ਵਲੋਂ ਰੇਡ ਕੀਤੀ ਜਾ ਰਹੀ ਹੈ। ਗੈਂਗਸਟਰ ਵਿਨਯ ਦਿਓੜਾ ਦੇ ਘਰ ’ਚ ਕੀਤੀ ਜਾ ਰਹੀ ਰੇਡ ਇੱਕ ਫੈਕਟਰੀ ’ਚ ਵੀ ਤਲਾਸ਼ੀ ਅਭਿਆਨ ਚਲ ਰਿਹਾ ਹੈ। ਤਕਰੀਬਨ 3 ਘੰਟਿਆਂ ਤੋਂ NIA ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ’ਚ ਗੈਂਗਸਟਰ ਸ਼ੁਭਮ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਗੈਂਗਸਟਰਾਂ ਦੇ ਘਰਾਂ ’ਤੇ ਛਾਪਮਾਰੀ ਕੀਤੀ ਜਾ ਰਹੀ ਹੈ। ਗੈਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਤੇ ਉਸ ਦੇ ਹੋਰ ਟਿਕਾਣਿਆ ’ਤੇ ਵੀ ਐੱਨਆਈਏ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਗੋਲਡੀ ਬਰਾੜ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਭਾਵੇ ਕੈਨੇਡਾ ’ਚ ਬੈਠਿਆ ਹੈ। ਪਰ ਉਹ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਛੇ ਸ਼ਾਰਪਸ਼ੂਟਰਾਂ ਨੇ ਕੀਤੀ ਸੀ ਅਤੇ ਉਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਪੁਲਿਸ ਮੁਕਾਬਲੇ ਵਿਚ ਦੋ ਮਾਰੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਨੇਡਾ 'ਚ ਲੁਕੇ ਗੋਲਡੀ ਬਰਾੜ ਨੂੰ ਜਲਦ ਹੀ ਕਟਹਿਰੇ 'ਚ ਖੜ੍ਹਾ ਕੀਤਾ ਜਾਵੇਗਾ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 23 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। NIA ਫਿਲਹਾਲ ਲਾਰੇਂਸ ਬਿਸ਼ਨੋਈ ਅਤੇ ਹੋਰ ਸਮੂਹਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।