
ਬਠਿੰਡਾ ਦੇ ਮ੍ਰਿਣਾਲ ਦਾ ਆਲ ਇੰਡੀਆ 19ਵਾਂ ਰੈਂਕ ਆਇਆ ਹੈ
ਚੰਡੀਗੜ੍ਹ - ਜੇਈਈ ਐਡਵਾਂਸਡ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ ਵਿਚ ਪੰਜਾਬ ਵਿਚੋਂ ਮ੍ਰਿਣਾਲ ਗਰਗ ਨੇ ਮੋਹਰੀ ਸਥਾਨ ਹਾਸਲ ਕੀਤਾ ਹੈ। ਬਠਿੰਡਾ ਦੇ ਮ੍ਰਿਣਾਲ ਦਾ ਆਲ ਇੰਡੀਆ 19ਵਾਂ ਰੈਂਕ ਆਇਆ ਹੈ ਤੇ ਉਸ ਨੇ ਸੇਂਟ ਕਬੀਰ ਕਾਨਵੈਂਟ ਸਕੂਲ ਵਿਚੋਂ ਪੜ੍ਹਾਈ ਮੁਕੰਮਲ ਕੀਤੀ ਹੈ। ਉਸ ਦੇ ਪਿਤਾ ਚਰਨਜੀਤ ਸਰਜੀਕਲ ਦਾ ਵਪਾਰ ਕਰਦੇ ਹਨ ਤੇ ਮਾਤਾ ਰੇਣੂ ਘਰ ਹੀ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਮ੍ਰਿਣਾਲ ਨੇ ਜੇਈਈ ਮੇਨਜ਼ ਸੈਸ਼ਨ ਇਕ ਵਿਚੋਂ ਵੀ ਦੇਸ਼ ਭਰ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ ਸੀ ਜਦਕਿ ਜੇਈਈ ਸੈਸ਼ਨ ਦੋ ਵਿਚ ਉਸ ਨੇ ਟੌਪ ਕੀਤਾ ਸੀ। ਮ੍ਰਿਣਾਲ ਦਾ ਪ੍ਰੇਰਨਾ ਸਰੋਤ ਉਸ ਦਾ ਭਰਾ ਭਰਤੇਸ਼ ਗਰਗ ਰਿਹਾ ਹੈ ਜੋ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਜੋਧਪੁਰ ਤੋਂ ਐਮਬੀਬੀਐਸ ਆਖਰੀ ਸਾਲ ਦਾ ਵਿਦਿਆਰਥੀ ਹੈ। ਇਸ ਤੋਂ ਇਲਾਵਾ ਨਮਨ ਗੋਇਲ ਦਾ ਆਲ ਇੰਡੀਆ 78ਵਾਂ ਤੇ ਕੁਸ਼ਾਗਰ ਦਾ 96ਵਾਂ ਰੈਂਕ ਆਇਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਸੈਕਟਰ-43 ਦੇ ਰਹਿਣ ਵਾਲੇ ਚਿਨਮਯ ਖੋਖਰ ਨੇ ਆਲ ਇੰਡੀਆ 42ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ 'ਚੋਂ ਟਾਪ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-35 ਦੇ ਵਸਨੀਕ ਹਰਸ਼ ਜਾਖੜ ਨੇ ਆਲ ਇੰਡੀਆ 48ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ ਵਿਚੋਂ ਦੂਜਾ ਅਤੇ ਸੈਕਟਰ-16 ਦੇ ਵਸਨੀਕ ਅਨਿਰੁਧ ਨੇ ਆਲ ਇੰਡੀਆ 50ਵਾਂ ਰੈਂਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਨਿਵੇਸ਼ ਨੇ ਆਲ ਇੰਡੀਆ 60ਵਾਂ, ਸੌਮਿਲ ਨੇ ਆਲ ਇੰਡੀਆ 69ਵਾਂ ਅਤੇ ਸੌਮਿਆ ਨੇ ਆਲ ਇੰਡੀਆ 92ਵਾਂ ਰੈਂਕ ਹਾਸਲ ਕੀਤਾ। ਦੱਸ ਦਈਏ ਕਿ ਟ੍ਰਾਈਸਿਟੀ ਵਿਚ ਹੋਰ ਵੀ ਕਈ ਵਿਦਿਆਰਥੀ ਮੁਕਾਮ ਹਾਸਲ ਕਰਨ ਵਿਚ ਸਫ਼ਲ ਰਹੇ।