
ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ
ਹਰਿਆਣਾ: ਸੋਨੀਪਤ ਵਿਚ ਇਕ ਪੁਲਿਸ ਕਾਂਸਟੇਬਲ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੋਕ ਨਿਰਮਾਣ ਵਿਭਾਗ (PWD) ਦੇ SDO ਦੀ ਪੁਲਿਸ ਕਾਂਸਟੇਬਲ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਝਗੜਾ ਪੱਛਮੀ ਰਾਮਨਗਰ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਸੀ।
ਕਾਂਸਟੇਬਲ ਦੀ ਗੁੰਡਾਗਰਦੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉੱਥੇ ਹੀ ਪੁਲਿਸ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਕਾਂਸਟੇਬਲ ਦਾ ਨਾਮ ਸੰਦੀਪ ਸਿੰਘ ਹੈ। SDO ਦੀ ਕੁੱਟਮਾਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਸੋਨੀਪਤ 'ਚ ਕੰਮ ਕਰਦੇ SDO ਪੰਕਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪੱਛਮੀ ਰਾਮਨਗਰ 'ਚ ਰਿਸ਼ਤੇਦਾਰ ਦੇ ਘਰ ਪਹੁੰਚੇ ਸਨ। ਉਸ ਨੇ ਇੱਥੇ ਪਹਿਲੀ ਗਲੀ ਵਿਚ ਕਾਰ ਪਾਰਕ ਕੀਤੀ ਸੀ। ਇਸ ਦੌਰਾਨ ਆਈ-20 ਗੱਡੀ ਦਾ ਡਰਾਈਵਰ ਵਾਰ-ਵਾਰ ਹਾਰਨ ਵਜਾ ਰਿਹਾ ਸੀ। ਸੋਨੀਪਤ ਪੁਲਿਸ 'ਚ ਕੰਮ ਕਰਦੇ ਸੰਦੀਪ ਸਿੰਘ ਆਈ-20 ਗੱਡੀ 'ਚ ਸਵਾਰ ਸਨ। ਵਾਰ-ਵਾਰ ਹਾਰਨ ਵਜਾਉਣ 'ਤੇ ਪੰਕਜ ਸਿੰਘ ਉਸ ਕੋਲ ਗਿਆ। ਜਦੋਂ ਉਸ ਨੇ ਵਾਰ-ਵਾਰ ਹਾਰਨ ਵਜਾਉਣ ਦਾ ਕਾਰਨ ਪੁੱਛਿਆ ਤਾਂ ਕਾਂਸਟੇਬਲ ਸੰਦੀਪ ਸਿੰਘ ਨੇ ਬਿਨ੍ਹਾਂ ਗੱਲ ਤੋਂ ਹੀ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਭਾਵੇਂ ਕਿ SDO ਨੇ ਉਸ ਨਾਲ ਆਪਣੀ ਜਾਣ-ਪਛਾਣ ਵੀ ਕਰਵਾਈ, ਪਰ ਵਰਦੀ ਵਿਚ ਡਰਾ ਧਮਕਾ ਕੇ ਪੁਲਿਸ ਮੁਲਾਜ਼ਮ ਨੇ SDO ਪੰਕਜ ਨੂੰ ਕਿਹਾ ਕਿ ਤੂੰ ਆਪਣੇ ਘਰ SDO ਬਣੇਗਾ, ਮੈਂ ਤੈਨੂੰ SDO ਬਣਾ ਦਿੰਦਾ ਹਾਂ। ਇਹ ਕਹਿ ਕੇ ਕਾਂਸਟੇਬਲ ਸੰਦੀਪ ਸਿੰਘ ਨੇ ਪੰਕਜ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ SDO ਦੀ ਪਤਨੀ ਅਤੇ ਬੱਚਾ ਵੀ ਉਨ੍ਹਾਂ ਦੇ ਨਾਲ ਸਨ। ਕਾਂਸਟੇਬਲ ਨੇ SDO ਦੀ ਪਤਨੀ ਨੂੰ ਵੀ ਧੱਕਾ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਜਿਸ ਗਲੀ ਵਿਚ ਪੰਕਜ ਨੇ ਆਪਣੀ ਕਾਰ ਖੜ੍ਹੀ ਕੀਤੀ ਸੀ, ਉਹ ਕਾਫੀ ਚੌੜੀ ਗਲੀ ਹੈ। ਜਿਸ ’ਚ ਕਾਰ ਸਾਈਡ ਤੋਂ ਆਸਾਨੀ ਨਾਲ ਲੰਘ ਸਕਦੀ ਹੈ ਪਰ ਪੁਲਿਸ ਮੁਲਾਜ਼ਮ ਸੰਦੀਪ ਨੇ ਦਾਦਾਗਿਰੀ ਅਤੇ ਗਲੀ 'ਤੇ ਹਾਵੀ ਹੋਣ ਲਈ SDO ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ |
ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਖ਼ਾਕੀ ਨੂੰ ਬਦਨਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸੋਨੀਪਤ ਦੀ ਪੁਲਿਸ ਵੀ ਇਸ ਮਾਮਲੇ 'ਤੇ ਟਾਲ-ਮਟੋਲ ਕਰਦੀ ਨਜ਼ਰ ਆ ਰਹੀ ਹੈ। ਸੁਲ੍ਹਾ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਸੋਨੀਪਤ ਪੁਲਿਸ ਇੱਕ ਵਾਰ ਫਿਰ ਸ਼ੱਕ ਦੇ ਘੇਰੇ ਵਿੱਚ ਹੈ। ਆਖ਼ਿਰ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਜਾਂ ਗੁੰਡਾਗਰਦੀ ਕਰਨ ਲਈ।